ਅੰਮ੍ਰਿਤਸਰ ‘ਚ PNG ਕਨੈਕਸ਼ਨ ਲੈਣਾ ਹੋਵੇਗਾ ਲਾਜ਼ਮੀ, 3 ਮਹੀਨਿਆਂ ਬਾਅਦ LPG ਸਿਲੰਡਰ ਸਪਲਾਈ ਹੋ ਸਕਦੀ ਹੈ ਬੰਦ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ)  :- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਉਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ, ਜਿੱਥੇ ਅਧਿਕਾਰਤ ਏਜੰਸੀ ਵੱਲੋਂ ਪਾਈਪਡ ਨੈਚੁਰਲ ਗੈਸ (PNG) ਦੀ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ ਜਾਂ ਘਰੇਲੂ PNG ਕਨੈਕਸ਼ਨ ਦੀ ਸਹੂਲਤ ਉਪਲਬਧ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਅਜਿਹੇ ਸਾਰੇ ਯੋਗ ਪਰਿਵਾਰ ਨਿਰਧਾਰਤ ਸਮੇਂ ਅੰਦਰ PNG ਕਨੈਕਸ਼ਨ ਜ਼ਰੂਰ ਲੈਣ।

ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਬੰਧਤ ਗਜ਼ਟ ਨੋਟੀਫਿਕੇਸ਼ਨ ਦੇ ਤਹਿਤ ਜਾਰੀ ਕੀਤੀ ਗਈ ਇਸ ਜਨਤਕ ਸੂਚਨਾ ਮੁਤਾਬਕ, ਨੋਟਿਸ ਜਾਰੀ ਹੋਣ ਦੀ ਤਾਰੀਖ ਤੋਂ ਤਿੰਨ ਮਹੀਨਿਆਂ ਦੇ ਅੰਦਰ ਅਧਿਕਾਰਤ ਏਜੰਸੀ ਕੋਲ ਅਰਜ਼ੀ ਦੇ ਕੇ ਘਰੇਲੂ PNG ਕਨੈਕਸ਼ਨ ਲੈਣਾ ਲਾਜ਼ਮੀ ਹੋਵੇਗਾ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੱਲਵੀ ਸ਼ਰਮਾ (ਆਈਏਐਸ) ਨੇ ਦੱਸਿਆ ਕਿ ਜੇਕਰ ਨਿਰਧਾਰਤ ਤਿੰਨ ਮਹੀਨਿਆਂ ਦੀ ਮਿਆਦ ਅੰਦਰ PNG ਕਨੈਕਸ਼ਨ ਨਹੀਂ ਲਿਆ ਜਾਂਦਾ ਤਾਂ ਅਜਿਹੇ ਪਰਿਵਾਰਾਂ ਨੂੰ ਲਾਗੂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ LPG ਸਿਲੰਡਰਾਂ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਜਲਦੀ ਤੋਂ ਜਲਦੀ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ LPG ਤੋਂ PNG ਵੱਲ ਬਦਲਾਅ ਦਾ ਮਕਸਦ ਲੋਕਾਂ ਨੂੰ ਵਧੇਰੇ ਸੁਰੱਖਿਅਤ, ਸਾਫ਼-ਸੁਥਰਾ ਅਤੇ ਊਰਜਾ-ਕੁਸ਼ਲ ਇੰਧਨ ਮੁਹੱਈਆ ਕਰਵਾਉਣਾ ਅਤੇ ਪਾਈਪਡ ਨੈਚੁਰਲ ਗੈਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਸਾਰੇ ਯੋਗ ਨਾਗਰਿਕਾਂ ਨੂੰ ਇਸ ਜਨਹਿਤਕ ਪਹਿਲ ਵਿੱਚ ਸਹਿਯੋਗ ਦੇਣ ਅਤੇ ਸਮੇਂ ਸਿਰ PNG ਕਨੈਕਸ਼ਨ ਲੈਣ ਦੀ ਅਪੀਲ ਕੀਤੀ।

ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ PNG ਕਨੈਕਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਲੋਕ ਅਧਿਕਾਰਤ PNG ਸੇਵਾ ਪ੍ਰਦਾਤਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨਾਲ ਦਫ਼ਤਰੀ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ।