ਪਟਿਆਲਾ ਤੋਂ ਪੰਜਾਬ ਦੇ ਪਹਿਲੇ ਹਾਈਬ੍ਰਿਡ ਸਫ਼ਾਈ ਮਾਡਲ ਦੀ ਸ਼ੁਰੂਆਤ, 30 ਦਿਨਾਂ ‘ਚ ਸਭ ਤੋਂ ਸਾਫ਼ ਸ਼ਹਿਰ ਬਣਾਉਣ ਦਾ ਟੀਚਾ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਪੰਜਾਬ ਸਰਕਾਰ ਨੇ ਸ਼ਹਿਰੀ ਸਫ਼ਾਈ ਪ੍ਰਬੰਧ ਨੂੰ ਹੋਰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪਟਿਆਲਾ ਤੋਂ ਸੂਬੇ ਦੇ ਪਹਿਲੇ ਹਾਈਬ੍ਰਿਡ ਸਫ਼ਾਈ ਮਾਡਲ ਦੀ ਸ਼ੁਰੂਆਤ ਕੀਤੀ ਹੈ। ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਡਲ ਦਾ ਆਗਾਜ਼ ਕਰਦਿਆਂ ਐਲਾਨ ਕੀਤਾ ਕਿ ਸਰਕਾਰ ਨੇ ਪਟਿਆਲਾ ਨੂੰ 30 ਦਿਨਾਂ ਦੇ ਅੰਦਰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ।

ਨਵੇਂ ਹਾਈਬ੍ਰਿਡ ਸਫ਼ਾਈ ਮਾਡਲ ਤਹਿਤ ਮਸ਼ੀਨੀ ਅਤੇ ਮੈਨੂਅਲ ਸਫ਼ਾਈ ਪ੍ਰਣਾਲੀਆਂ ਨੂੰ ਇਕੱਠੇ ਲਾਗੂ ਕੀਤਾ ਜਾਵੇਗਾ। ਇਸ ਵਿੱਚ ਘਾਹ-ਫੂਸ ਅਤੇ ਝਾੜੀਆਂ ਦੀ ਮਸ਼ੀਨੀ ਕਟਾਈ, ਸੁਪਰ-ਸਕਸ਼ਨ ਮਸ਼ੀਨਾਂ ਅਤੇ ਸਕਰੱਬਰਾਂ ਨਾਲ ਸੜਕਾਂ ਦੀ ਡੂੰਘੀ ਸਫ਼ਾਈ, ਜੈਵਿਕ ਕੂੜੇ ਦੀ ਹੱਥੀਂ ਸਫ਼ਾਈ ਅਤੇ ਸੜਕਾਂ ਦੀ ਧੁਆਈ ਵਰਗੇ ਕੰਮ ਹਫ਼ਤਾਵਾਰੀ ਸ਼ਡਿਊਲ ਅਨੁਸਾਰ ਕੀਤੇ ਜਾਣਗੇ।

ਸਰਕਾਰ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਾਰ-ਪੜਾਵੀਂ ਸਫ਼ਾਈ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਵਿੱਚ ਪਹਿਲਾਂ ਝਾੜੀਆਂ ਅਤੇ ਘਾਹ ਦੀ ਕਟਾਈ, ਫਿਰ ਕੂੜੇ-ਕਰਕਟ ਦੀ ਸਫ਼ਾਈ, ਉਸ ਤੋਂ ਬਾਅਦ ਮਸ਼ੀਨਾਂ ਰਾਹੀਂ ਡੂੰਘੀ ਸਫ਼ਾਈ ਅਤੇ ਅੰਤ ਵਿੱਚ ਸੜਕਾਂ ਦੀ ਧੁਆਈ ਕੀਤੀ ਜਾਵੇਗੀ।

ਇਸ ਮੁਹਿੰਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਵੀ ਅਹਿਮ ਰਹੇਗੀ। ਮਸ਼ੀਨਾਂ ਵੱਡੇ ਪੱਧਰ ‘ਤੇ ਸਫ਼ਾਈ ਦਾ ਕੰਮ ਸੰਭਾਲਣਗੀਆਂ, ਜਦਕਿ ਸਫ਼ਾਈ ਸੇਵਕ ਬਾਰੀਕੀ ਨਾਲ ਸਫ਼ਾਈ ਨੂੰ ਯਕੀਨੀ ਬਣਾਉਣਗੇ। ਇਸ ਨਾਲ ਕਰਮਚਾਰੀਆਂ ਦੀ ਮਿਹਨਤ ਘਟੇਗੀ ਅਤੇ ਸਫ਼ਾਈ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ।

ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪਟਿਆਲਾ ਦੀਆਂ ਸੜਕਾਂ ਅਤੇ ਜਨਤਕ ਥਾਵਾਂ ‘ਤੇ ਸਫ਼ਾਈ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਪਟਿਆਲਾ ਵਿੱਚ ਇਸ ਮਾਡਲ ਦੀ ਸਫ਼ਲਤਾ ਤੋਂ ਬਾਅਦ ਇਸਨੂੰ ਪੜਾਅਵਾਰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੀ ਯੋਜਨਾ ਹੈ, ਤਾਂ ਜੋ ਸੂਬੇ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਰਾਜਾਂ ਵਿੱਚ ਸ਼ਾਮਲ ਕੀਤਾ ਜਾ ਸਕੇ।