
Skip to content

ਅਮਰੀਕਾ ‘ਚ ਕਰਨਾਲ ਦੇ ਨੌਜਵਾਨ ਦੀ ਦਰਦਨਾਕ ਮੌਤ, ਦੋਸਤ ਨੂੰ ਬਚਾਉਂਦੇ ਹੋਏ ਝੀਲ ‘ਚ ਡੁੱਬਿਆ; 45 ਲੱਖ ਲਾ ਕੇ ਗਿਆ ਸੀ ਵਿਦੇਸ਼
ਕਰਨਾਲ (ਅਰਸ਼ਦੀਪ ਸਿੰਘ ਕਾਲੜਾ) :- ਹਰਿਆਣਾ ਦੇ ਕਰਨਾਲ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਰਨਾਲ ਦੀ ਵਿਕਾਸ ਕਲੋਨੀ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਦੀ ਅਮਰੀਕਾ ਵਿੱਚ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਰਸ਼ਦੀਪ ਆਪਣੇ ਦੋਸਤਾਂ ਨਾਲ ਝੀਲ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਉਸ ਦਾ ਇੱਕ ਸਾਥੀ ਪਾਣੀ ਵਿੱਚ ਡੁੱਬਣ ਲੱਗ ਪਿਆ, ਜਿਸ ਨੂੰ ਬਚਾਉਣ ਲਈ ਅਰਸ਼ਦੀਪ ਨੇ ਬਿਨਾਂ ਦੇਰੀ ਕੀਤੇ ਝੀਲ ਵਿੱਚ ਛਾਲ ਮਾਰ ਦਿੱਤੀ।
ਅਰਸ਼ਦੀਪ ਨੇ ਆਪਣੇ ਦੋਸਤ ਦੀ ਜਾਨ ਤਾਂ ਬਚਾ ਲਈ, ਪਰ ਖੁਦ ਡੂੰਘੇ ਪਾਣੀ ਵਿੱਚ ਫਸਣ ਕਾਰਨ ਬਾਹਰ ਨਾ ਨਿਕਲ ਸਕਿਆ ਅਤੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਸਾਲ 2023 ਵਿੱਚ ‘ਡੰਕੀ ਰੂਟ’ ਰਾਹੀਂ ਅਮਰੀਕਾ ਗਿਆ ਸੀ। ਉਸ ਨੂੰ ਵਿਦੇਸ਼ ਭੇਜਣ ਲਈ ਪਰਿਵਾਰ ਨੇ ਕਰੀਬ 45 ਲੱਖ ਰੁਪਏ ਖਰਚ ਕੀਤੇ ਸਨ ਅਤੇ ਇਸ ਲਈ ਕਰਜ਼ਾ ਵੀ ਲਿਆ ਗਿਆ ਸੀ।
ਅਰਸ਼ਦੀਪ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਆਪਣੇ ਭੂਆ-ਫੁੱਫੜ ਕੋਲ ਰਹਿੰਦਾ ਸੀ ਅਤੇ ਆਪਣੇ ਚਚੇਰੇ ਭਰਾ ਹੈਰੀ ਨਾਲ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਪਰਿਵਾਰ ਅਨੁਸਾਰ ਉਹ ਆਪਣੇ ਸੁਨਹਿਰੇ ਭਵਿੱਖ ਲਈ ਮਿਹਨਤ ਕਰ ਰਿਹਾ ਸੀ, ਪਰ ਇੱਕ ਪਲ ਵਿੱਚ ਸਭ ਕੁਝ ਖਤਮ ਹੋ ਗਿਆ।
ਪਰਿਵਾਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਅਰਸ਼ਦੀਪ ਦੇ ਪਿਤਾ ਪ੍ਰਗਟ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਹੁਣ ਘਰ ਵਿੱਚ ਉਸ ਦੀ ਮਾਤਾ ਮਨਪ੍ਰੀਤ ਕੌਰ ਅਤੇ ਵੱਡੀ ਭੈਣ ਹੀ ਰਹਿ ਗਏ ਹਨ।
ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਅਰਸ਼ਦੀਪ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਆਪਣੇ ਵਤਨ ਵਿੱਚ ਕਰ ਸਕਣ।

Related