ਮੋਹਾਲੀ ‘ਚ ਨੌਜਵਾਨ ਨੂੰ ਕੁਚਲਣ ਦੀ ਕੋਸ਼ਿਸ਼, ਭੈਣ ਨਾਲ ਛੇੜਛਾੜ ਦੇ ਦੋਸ਼; MLA ਦੇ ਗੰਨਮੈਨ ‘ਤੇ ਇਲਜ਼ਾਮ

ਮੋਹਾਲੀ (ਅਰਸ਼ਦੀਪ ਸਿੰਘ ਕਾਲੜਾ)  :- ਮੋਹਾਲੀ ਦੇ ਸੈਕਟਰ-68 ਸਥਿਤ ਇੱਕ ਨਿੱਜੀ ਸੁਸਾਇਟੀ ਵਿੱਚ ਸ਼ੁੱਕਰਵਾਰ ਰਾਤ ਇੱਕ ਨੌਜਵਾਨ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕਰਨ ਅਤੇ ਉਸ ਦੀ ਭੈਣ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤੱਕ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ।

ਪੀੜਤ ਮਨਪ੍ਰੀਤ ਸਿੰਘ, ਜੋ ਸ਼੍ਰੀ ਗੁਰੂ ਹਰ ਸਹਾਇ ਸੁਸਾਇਟੀ ਦਾ ਵਸਨੀਕ ਹੈ, ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਬਾਜ਼ਾਰ ਤੋਂ ਵਾਪਸ ਘਰ ਆ ਰਿਹਾ ਸੀ। ਇਸ ਦੌਰਾਨ ਇੱਕ ਚਿੱਟੀ ਸਕਾਰਪੀਓ ਕਾਰ ਉਨ੍ਹਾਂ ਦਾ ਪਿੱਛਾ ਕਰਨ ਲੱਗੀ। ਮਨਪ੍ਰੀਤ ਦਾ ਦੋਸ਼ ਹੈ ਕਿ ਕਾਰ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਉਸ ਦੀ ਭੈਣ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਵੀ ਕੀਤੀ।

ਬਚਣ ਲਈ ਦੋਵੇਂ ਭੈਣ-ਭਰਾ ਆਪਣੀ ਵਰਨਾ ਕਾਰ ਵਿੱਚ ਸਵਾਰ ਹੋ ਕੇ ਸੁਸਾਇਟੀ ਪਹੁੰਚੇ, ਪਰ ਦੋਸ਼ ਹੈ ਕਿ ਸਕਾਰਪੀਓ ਸਵਾਰ ਉੱਥੇ ਵੀ ਪਿੱਛਾ ਕਰਦੇ ਹੋਏ ਆ ਗਏ। ਰਸਤੇ ਦੌਰਾਨ ਉਨ੍ਹਾਂ ਨੇ ਲਗਾਤਾਰ ਹਾਰਨ ਵਜਾਇਆ, ਹੈੱਡਲਾਈਟਾਂ ਫਲੈਸ਼ ਕੀਤੀਆਂ ਅਤੇ ਵਰਨਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੀੜਤ ਦਾ ਦੋਸ਼ ਹੈ ਕਿ ਇੱਕ ਮੌਕੇ ‘ਤੇ ਉਸ ਨੂੰ ਕਾਰ ਨਾਲ ਕੁਚਲਣ ਦੀ ਵੀ ਕੋਸ਼ਿਸ਼ ਕੀਤੀ ਗਈ।

ਮਨਪ੍ਰੀਤ ਨੇ ਦੱਸਿਆ ਕਿ ਸਕਾਰਪੀਓ ਵਿੱਚ ਇੱਕ ਪੁਲਿਸ ਵਰਦੀ ਵੀ ਲਟਕ ਰਹੀ ਸੀ। ਗੱਡੀ ਦੇ ਨੰਬਰ ਦੀ ਜਾਂਚ ਕਰਨ ‘ਤੇ ਇਹ ਬਠਿੰਡਾ ਦੇ ਇੱਕ ਸਿਆਸਤਦਾਨ ਦੇ ਨਾਮ ‘ਤੇ ਰਜਿਸਟਰਡ ਹੋਣ ਦੀ ਜਾਣਕਾਰੀ ਮਿਲੀ। ਦੋਸ਼ ਹੈ ਕਿ ਕਾਰ ਵਿੱਚ ਇੱਕ ਵਿਧਾਇਕ ਦਾ ਗੰਨਮੈਨ ਵੀ ਸਵਾਰ ਸੀ।

ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।