Skip to content
ਫਰੀਦਕੋਟ (ਵਿਪਨ ਮਿੱਤਲ) – ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਡਾ. ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਬਜੁਰਗਾਂ ਦੀ ਸਿਹਤ ਸੰਭਾਲ ਸਬੰਧੀ ਅੰਤਰਰਾਸ਼ਟਰੀ ਬਿਰਧ ਦਿਵਸ ਨੂੰ ਸਮਰਪਿਤ ਸਥਾਨਕ ਸਿਵਲ ਹਸਪਤਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬਜ਼ੁਰਗਾਂ ਦੀ ਚੰਗੀ ਦੇਖਭਾਲ ਸੰਬਧੀ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਬੋਲਦਿਆਂ ਡਾ. ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਖੇ ਬਜੁਰਗਾਂ ਲਈ ਰਜਿਸਟ੍ਰੇਸ਼ਨ ਲਈ ਵੱਖਰਾ ਕਾਉਂਟਰ, ਮੁਫਤ ਪਰਚੀ, ਮੁਫਤ ਐਕਸਰੇ, ਈਸੀਜੀ ਅਤੇ ਲੈਬਾਰਟਰੀ ਟੈਸਟ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਨ.ਸੀ.ਡੀ. ਕਲੀਨਕ ਵਿੱਚ ਮੁਫਤ ਫਿਜ਼ੀਓਥੈਰੇਪੀ, ਵਾਰਡਾਂ ਵਿੱਚ ਰਾਖਵੇਂ ਬੈੱਡ ਅਤੇ ਡਾਕਟਰਾਂ ਕੋਲ ਪਹਿਲ ਦੇ ਅਧਾਰ ਤੇ ਜਾਂਚ ਕਰਵਾਉਣ ਦੀ ਸਹੂਲਤ ਉਪਲੱਬਧ ਹੈ ਤਾਂ ਜੋ ਇਲਾਜ ਲਈ ਹਸਪਤਾਲ ਆਏ ਬਜੁਰਗਾਂ ਦੀ ਖੱਜਲ ਖੁਆਰੀ ਨਾ ਹੋਵੇ। ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਅਤੇ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਦਿਵਸ ਨੂੰ ਸਮਰਪਿਤ ਜਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਤੇ ਬਜੁਰਗਾਂ ਦੀ ਸਿਹਤ ਸੰਭਾਲ ਲਈ ਮੁਫਤ ਚੈਕਅੱਪ ਕੈਂਪ ਵੀ ਲਗਾਏ ਜਾ ਰਹੇ ਹਨ। ਉਹਨਾਂ ਆਖਿਆ ਕਿ ਬਜੁਰਗਾਂ ਦੀਆਂ ਹਰ ਕਿਸਮ ਦੀਆਂ ਸਮੱਸਿਆਵਾਂ ਸਬੰਧੀ ਸਰਕਾਰ ਵੱਲੋਂ ਇੱਕ ਹੈਲਪ ਲਾਈਨ ਨੰਬਰ 14567 ਜਾਰੀ ਕੀਤਾ ਗਿਆ ਜੋ ਕਿ ਬਜੁਰਗਾਂ ਲਈ ਬਹੁਤ ਲਾਭਦਾਇਕ ਹੈ। ਇਸਦਾ ਮਕਸਦ ਘਰਾਂ, ਬਿਰਧ ਆਸ਼ਰਮਾਂ ਅਤੇ ਜਾਂ ਕਿਤੇ ਵੀ ਲਵਾਰਿਸ ਹਾਲਾਤਾਂ ਵਿੱਚ ਰਹਿ ਰਹੇ ਬਜੁਰਗਾਂ ਦੀ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਨਾਉਣਾ ਹੈ।
ਉਹਨਾਂ ਇਹ ਵੀ ਕਿਹਾ ਕਿ ਸਾਡੇ ਬਜੁਰਗ ਸਾਡਾ ਮਾਣ ਹਨ ਇਸ ਲਈ ਸਾਨੂੰ ਉਹਨਾਂ ਦੀ ਬੁਢਾਪੇ ਵਿੱਚ ਖਾਸ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ। ਸਮੇਂ ਸਿਰ ਉਹਨਾਂ ਦੀ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਦੇ ਕੁਆਰਡੀਨੇਟਰ ਮੈਡਮ ਮੰਜੂ ਸੁਖੀਜਾ, ਇੰਦਰਜੀਤ ਸਿੰਘ ਅਤੇ ਨਰਸਿੰਗ ਵਿਦਿਆਰਥੀ ਹਾਜਰ ਸਨ।
Related