ਫਰੀਦਕੋਟ (ਵਿਪਨ ਮਿੱਤਲ) – ਸਿਹਤ ਵਿਭਾਗ ਫਰੀਦਕੋਟ ਵੱਲੋਂ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੀ ਯੋਗ ਅਗਵਾਈ ਹੇਠ ਜਿਲ੍ਹੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਲਿੰਗ ਅਨੁਪਾਤ ਵਿੱਚ ਸੁਧਾਰ ਕਰਨ ਸਬੰਧੀ ਸਰਗਰਮੀਆਂ ਦਾ ਆਯੋਜਨ ਕਰਨ ਦੇ ਮੰਤਵ ਨਾਲ ਸਿਹਤ ਅਧਿਕਾਰੀਆਂ ਅਤੇ ਕਮੇਟੀ ਦੇ ਨਾਮਜ਼ਦ ਮੈਂਬਰਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਜਾਗਰੂਕਤਾ ਪਰਚਾ ਵੀ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰਾਂ ਤੇ ਗਰਭਪਾਤ (ਐਮ.ਟੀ.ਪੀ. ਕਿੱਟ) ਦੀਆਂ ਦਵਾਈਆਂ ਦੀ ਗੈਰ ਕਾਨੂੰਨੀ ਵਿੱਕਰੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਮੈਡੀਕਲ ਸਟੋਰਾਂ ਜੋ ਗੈਰ ਕਾਨੂੰਨੀ ਢੰਗ ਨਾਲ ਗਰਭਪਾਤ ਵਾਲੀਆਂ ਕਿੱਟਾਂ (ਐਮ.ਟੀ.ਪੀ.) ਵੇਚਣ ਦਾ ਕੰਮ ਕਰਦੇ ਹਨ ਦੇ ਵਿੱਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗਰਭਵਤੀ ਔਰਤ ਨੂੰ ਸਿਹਤ ਪੱਖੋਂ ਕਿਸੇ ਕਾਰਨਾਂ ਕਰਕੇ ਗਰਭਪਾਤ ਦੀ ਜਰੂਰਤ ਜਾਪਦੀ ਹੈ ਤਾਂ ਡਾਕਟਰੀ ਸਲਾਹ ਅਨੁਸਾਰ ਅਤੇ ਸਿਹਤ ਵਿਭਾਗ ਦੀ ਦੇਖ ਰੇਖ ਵਿਚ ਹੀ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਕੋਈ ਵੀ ਗਰਭਪਾਤ (ਐਮ.ਟੀ.ਪੀ.. ਕਿੱਟ) ਦਵਾਈ ਬਿਨਾਂ ਕਿਸੇ ਔਰਤ ਰੋਗਾਂ ਮਾਹਿਰ ਦੀ ਪਰਚੀ ਤੋਂ ਵੇਚਣੀ ਗੈਰ ਕਾਨੂੰਨੀ ਹੈ। ਹਰ ਮੈਡੀਕਲ ਸਟੋਰ ਨੂੰ ਇਸ ਗਰਭਪਾਤ (ਐਮ.ਟੀ.ਪੀ. ਕਿੱਟ) ਦੀ ਦਵਾਈ ਦੀ ਖਰੀਦ ਅਤੇ ਵੇਚਣ ਦਾ ਮੁਕੰਮਲ ਰਿਕਾਰਡ ਅਤੇ ਸੰਬੰਧਿਤ ਡਾਕਟਰ ਦੀ ਪਰਚੀ ਦੀ ਫੋਟੋ ਕਾਪੀ ਦਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ ਜਿਸਦੀ ਕਿਸੇ ਵੇਲੇ ਵੀ ਅਚਨਚੇਤ ਚੈਕਿੰਗ ਹੋ ਸਕਦੀ ਹੈ। ਉਹਨਾਂ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰਾਂ, ਮਾਸ ਮੀਡੀਆ ਅਫਸਰਾਂ, ਮੈਡੀਕਲ ਤੇ ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਇਸ ਵਿਸ਼ੇ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।