
Skip to content
ਪੰਜਾਬ ਵਿੱਚ ਇਸ ਸਾਲ ਮਾਨਸੂਨ ਨੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜੂਨ ਦੇ ਮਹੀਨੇ ਵਿੱਚ ਹੋਈ ਬਾਰਿਸ਼ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡਾਂ ਨੂੰ ਪਾਰ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ 29 ਜੂਨ ਤੱਕ ਸੂਬੇ ਵਿੱਚ ਆਮ ਨਾਲੋਂ 26 ਪ੍ਰਤੀਸ਼ਤ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਅੱਜ, ਸੋਮਵਾਰ ਨੂੰ ਵੀ, ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਜੂਨ ਮਹੀਨੇ ਵਿੱਚ ਆਮ ਬਾਰਿਸ਼ 49.7 ਮਿਲੀਮੀਟਰ ਹੁੰਦੀ ਹੈ, ਪਰ ਇਸ ਵਾਰ 62.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਵੀ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਵਿਸਤ੍ਰਿਤ ਅੰਕੜਿਆਂ ਅਨੁਸਾਰ, ਐਤਵਾਰ ਸ਼ਾਮ 5:30 ਵਜੇ ਤੱਕ, ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 5 ਮਿਲੀਮੀਟਰ, ਲੁਧਿਆਣਾ ਵਿੱਚ 3 ਮਿਲੀਮੀਟਰ, ਬਠਿੰਡਾ ਵਿੱਚ 2 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 1.5 ਮਿਲੀਮੀਟਰ, ਪਠਾਨਕੋਟ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ 1-1 ਮਿਲੀਮੀਟਰ ਅਤੇ ਰੂਪਨਗਰ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।ਇਸ ਬਾਰਿਸ਼ ਕਾਰਨ ਸੂਬੇ ਦਾ ਤਾਪਮਾਨ 2.6 ਡਿਗਰੀ ਸੈਲਸੀਅਸ ਘੱਟ ਗਿਆ ਹੈ। ਆਈਐਮਡੀ ਅਨੁਸਾਰ, ਸੂਬੇ ਦਾ ਤਾਪਮਾਨ ਇਸ ਸਮੇਂ ਆਮ ਨਾਲੋਂ 4.6 ਡਿਗਰੀ ਘੱਟ ਹੈ। ਹਾਲਾਂਕਿ, ਬਠਿੰਡਾ ਵਿੱਚ ਪਾਰਾ ਅਜੇ ਵੀ 40 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਅੱਜ ਪੰਜਾਬ ਵਿੱਚ ਮੀਂਹ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਇਹ ਕੁਝ ਜ਼ਿਲ੍ਹਿਆਂ ਤੱਕ ਸੀਮਤ ਹੈ। ਪਰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।ਓਰੇਂਜ ਅਲਰਟ- ਰੂਪਨਗਰ, ਪਟਿਆਲਾ ਅਤੇ ਸੰਗਰੂਰ ਵਿੱਚ ਓਰੇਂਜ ਅਲਰਟ ਹੈ। ਇੱਥੇ 12 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਯੈਲੋ ਅਲਰਟ- ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਬਰਨਾਲਾ ਅਤੇ ਮਾਨਸਾ ਵਿੱਚ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।Related