
Skip to content
ਫਰੀਦਕੋਟ 9 ਸਤੰਬਰ (ਵਿਪਨ ਮਿੱਤਲ):- ਮਾਊਂਟ ਲਿਟਰਾ ਜ਼ੀ ਸਕੂਲ, ਫਰੀਦਕੋਟ ਵਿੱਚ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ ਤੇ ਆਦਰ ਸਤਕਾਰ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਅਧਿਆਪਕਾਂ ਦੇ ਗਰਮਜੋਸ਼ੀ ਨਾਲ ਸਵਾਗਤ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਨ੍ਹਾਂ ਵਿੱਚ ਗੀਤ, ਨਾਚ, ਨਾਟਕ ਤੇ ਭਾਵਨਾਤਮਕ ਭਾਸ਼ਣ ਸ਼ਾਮਲ ਸਨ, ਜਿਹਨਾਂ ਰਾਹੀਂ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਤੇ ਕ੍ਰਿਤਜਤਾ ਪ੍ਰਗਟਾਈ। ਇਸ ਸਮਾਰੋਹ ਦੀ ਵਿਸ਼ੇਸ਼ ਰੌਣਕ ਐਪ੍ਰੀਸੀਏਸ਼ਨ ਸਰਟੀਫਿਕੇਟ (ਸਨਮਾਨ ਪੱਤਰ) ਦੇ ਕੇ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਸੀ। ਇਹ ਉਨ੍ਹਾਂ ਦੀ ਸਮਰਪਣ ਭਾਵਨਾ, ਮਹਿਨਤ ਅਤੇ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ‘ਚ ਯੋਗਦਾਨ ਦੀ ਕਦਰ ਸੀ। ਗੌਰ ਕਰਨਯੋਗ ਹੈ ਕਿ ਹਾਲ ਹੀ ਵਿੱਚ ਸੂਬੇ ‘ਚ ਆਈ ਭਿਆਨਕ ਬਾੜ੍ਹ ਕਾਰਨ ਛੁੱਟੀਆਂ ਦੌਰਾਨ ਵੀ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਰੁਕਣ ਨਾ ਦੇਣ ਲਈ ਔਨਲਾਈਨ ਮੋਡ ਰਾਹੀਂ ਕਲਾਸਾਂ ਜਾਰੀ ਰੱਖੀਆਂ। ਇਸ ਵਿਲੱਖਣ ਸਮਰਪਣ ਅਤੇ ਜ਼ਿੰਮੇਵਾਰੀ ਲਈ ਵੀ ਅਧਿਆਪਕਾਂ ਦੀ ਵੱਡੀ ਸਰਾਹਨਾ ਕੀਤੀ ਗਈ। ਇਸ ਦਿਨ ਨੂੰ ਹੋਰ ਵੀ ਰੰਗੀਨ ਬਣਾਉਣ ਲਈ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਭੂਮਿਕਾ ਨਿਭਾਈ ਤੇ ਕਲਾਸਾਂ ਲਗਾਈਆਂ। ਸਕੂਲ ਦਾ ਮਾਹੌਲ ਖੁਸ਼ੀ, ਮੌਜ-ਮਸਤੀ ਅਤੇ ਕ੍ਰਿਤਜਤਾ ਨਾਲ ਭਰਪੂਰ ਰਿਹਾ। ਸਕੂਲ ਦੇ ਪ੍ਰਿੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਸਾਰੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ “ਅਧਿਆਪਕ ਹੀ ਅਸਲ ਰਾਸ਼ਟਰ ਨਿਰਮਾਤਾ ਹਨ, ਜੋ ਸਿੱਖਿਆ, ਮੁੱਲਾਂ ਅਤੇ ਪ੍ਰੇਰਨਾ ਰਾਹੀਂ ਭਵਿੱਖ ਦੀ ਰਚਨਾ ਕਰਦੇ ਹਨ।” ਮੈਨੇਜਿੰਗ ਡਾਇਰੈਕਟਰ ਪੰਕਜ ਅਤੇ ਚੇਅਰਮੈਨ ਚਮਨ ਲਾਲ ਗੁਲਾਟੀ ਨੇ ਵੀ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ‘ਚ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ। ਕਾਰਜਕ੍ਰਮ ਦਾ ਸਮਾਪਨ ਅਧਿਆਪਕਾਂ ਪ੍ਰਤੀ ਧੰਨਵਾਦ ਦੇ ਪ੍ਰਗਟਾਵੇ ਨਾਲ ਹੋਇਆ, ਜਿਸ ਨਾਲ ਇਹ ਦਿਨ ਬਹੁਤ ਹੀ ਯਾਦਗਾਰ ਤੇ ਮਨਮੋਹਕ ਬਣ ਗਿਆ।Related