
Skip to content

ਹਸਪਤਾਲ ਦੀ ਪਾਰਕਿੰਗ ‘ਚ ਦੋਪਹੀਆ ਵਾਹਨਾਂ ਦੇ ਟਾਇਰਾਂ ਦੀ ਹਵਾ ਕੱਢਣ ਦਾ ਮਾਮਲਾ, ਵੀਡੀਓ ਵਾਇਰਲ
ਐਸ.ਏ.ਐਸ. ਨਗਰ (ਅਰਸ਼ਦੀਪ ਸਿੰਘ ਕਾਲੜਾ) :- ਫੇਜ਼-6 ਸਥਿਤ ਸਿਵਲ ਹਸਪਤਾਲ/ਸਰਕਾਰੀ ਮੈਡੀਕਲ ਕਾਲਜ ਦੀ ਪਾਰਕਿੰਗ ਵਿੱਚ ਕਾਰ ਪਾਰਕਿੰਗ ਖੇਤਰ ‘ਚ ਖੜ੍ਹੇ ਦੋਪਹੀਆ ਵਾਹਨਾਂ ਦੇ ਟਾਇਰਾਂ ਦੀ ਹਵਾ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਹਸਪਤਾਲ ਪ੍ਰਬੰਧਨ ਅਤੇ ਪਾਰਕਿੰਗ ਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋ ਗਏ ਹਨ।
ਵਾਇਰਲ ਵੀਡੀਓ ਵਿੱਚ ਇੱਕ ਪਾਰਕਿੰਗ ਕਰਮਚਾਰੀ ਐਮਰਜੈਂਸੀ ਅਤੇ ਮਦਰ ਐਂਡ ਚਾਈਲਡ ਵਿੰਗ ਦੇ ਬਾਹਰ ਕਾਰ ਪਾਰਕਿੰਗ ਵਿੱਚ ਖੜ੍ਹੇ ਇੱਕ ਦੋਪਹੀਆ ਵਾਹਨ ਦੇ ਟਾਇਰ ਦੀ ਹਵਾ ਕੱਢਦਾ ਦਿਖਾਈ ਦਿੰਦਾ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨਾਲ ਗੱਲਬਾਤ ਦੌਰਾਨ ਕਰਮਚਾਰੀ ਇਹ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਸ ਨੂੰ ਵੀਡੀਓ ਬਣਨ ਦਾ ਕੋਈ ਡਰ ਨਹੀਂ ਅਤੇ ਉਹ ਇੱਥੇ ਖੜ੍ਹੇ ਸਾਰੇ ਦੋਪਹੀਆ ਵਾਹਨਾਂ ਦੀ ਹਵਾ ਕੱਢੇਗਾ। ਜਦੋਂ ਵਿਅਕਤੀ ਕਹਿੰਦਾ ਹੈ ਕਿ ਵੀਡੀਓ ਰਿਕਾਰਡ ਹੋ ਚੁੱਕੀ ਹੈ ਤਾਂ ਕਰਮਚਾਰੀ ਜਵਾਬ ਦਿੰਦਾ ਹੈ, “ਜਿੱਥੇ ਪਾਉਣੀ ਹੈ, ਪਾ ਦਿਓ।”
ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ 10 ਦਿਨਾਂ ਦੇ ਨਵਜੰਮੇ ਬੱਚੇ ਨੂੰ ਇਲਾਜ ਲਈ ਮਦਰ ਐਂਡ ਚਾਈਲਡ ਵਿੰਗ ਲੈ ਕੇ ਆਇਆ ਸੀ। ਸੁਵਿਧਾ ਵਾਸਤੇ ਉਸ ਨੇ ਦੋਪਹੀਆ ਵਾਹਨ ਇਮਾਰਤ ਦੇ ਨੇੜੇ ਖੜ੍ਹਾ ਕੀਤਾ ਸੀ ਕਿਉਂਕਿ ਨਿਰਧਾਰਤ ਦੋਪਹੀਆ ਪਾਰਕਿੰਗ ਕਾਫ਼ੀ ਦੂਰ ਹੈ। ਉਸ ਨੇ ਸਵਾਲ ਉਠਾਇਆ ਕਿ ਜੇਕਰ ਕਿਸੇ ਮਰੀਜ਼ ਨੂੰ ਐਮਰਜੈਂਸੀ ਵਿੱਚ ਤੁਰੰਤ ਜਾਣਾ ਪਵੇ ਅਤੇ ਵਾਹਨ ਦੀ ਹਵਾ ਕੱਢੀ ਹੋਵੇ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ।
ਇਸ ਘਟਨਾ ਤੋਂ ਬਾਅਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਪਹਿਲਾਂ ਹੀ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਅਜਿਹੀ ਕਾਰਵਾਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।
ਮਾਮਲੇ ਸਬੰਧੀ ਨੋਡਲ ਅਫ਼ਸਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਪਾਰਕਿੰਗ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹਸਪਤਾਲ ਅੰਦਰ ਖੜ੍ਹੇ ਵਾਹਨਾਂ ਜਾਂ ਮਰੀਜ਼ਾਂ ਦੀਆਂ ਗੱਡੀਆਂ ਨਾਲ ਛੇੜਛਾੜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੂਜੇ ਪਾਸੇ ਪਾਰਕਿੰਗ ਠੇਕੇਦਾਰ ਧੀਰਜ ਧਵਨ ਨੇ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ਨਿਰਧਾਰਤ ਪਾਰਕਿੰਗ ਵਿੱਚ ਹੀ ਵਾਹਨ ਖੜ੍ਹੇ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਪਰ ਕਈ ਲੋਕ ਕਾਰ ਪਾਰਕਿੰਗ ਅਤੇ ਹਸਪਤਾਲ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਦੋਪਹੀਆ ਵਾਹਨ ਖੜ੍ਹੇ ਕਰ ਦਿੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਕਾਰਨ ਐਂਬੂਲੈਂਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਸਬੰਧੀ ਹਸਪਤਾਲ ਪ੍ਰਬੰਧਨ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਜਾਣੂ ਵੀ ਕਰਵਾਇਆ ਜਾ ਚੁੱਕਾ ਹੈ।
ਹਾਲਾਂਕਿ, ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਬੰਧਨ ਦੀ ਕਾਰਵਾਈ ਅਤੇ ਪਾਰਕਿੰਗ ਕਰਮਚਾਰੀਆਂ ਦੇ ਰਵੱਈਏ ਨੂੰ ਲੈ ਕੇ ਚਰਚਾ ਛਿੜ ਗਈ ਹੈ। ਲੋਕਾਂ ਦਾ ਮੰਨਣਾ ਹੈ ਕਿ ਟ੍ਰੈਫਿਕ ਅਤੇ ਪਾਰਕਿੰਗ ਪ੍ਰਬੰਧ ਬਣਾਈ ਰੱਖਣਾ ਜ਼ਰੂਰੀ ਹੈ, ਪਰ ਇਸ ਲਈ ਅਜਿਹੇ ਤਰੀਕੇ ਨਹੀਂ ਅਪਣਾਏ ਜਾਣੇ ਚਾਹੀਦੇ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੋਰ ਪਰੇਸ਼ਾਨੀ ਦਾ ਕਾਰਨ ਬਣਨ।

Related