ਸ਼ਰਾਬ ਪੀ ਕੇ ਪੁਲਿਸ ਨਾਲ ਬਹਿਸ ਕਰਨ ਵਾਲੇ ਨੌਜਵਾਨਾਂ ਨੂੰ ਅਦਾਲਤ ਦੀ ਅਨੋਖੀ ਸਜ਼ਾ, ਹੁਣ ਚੌਰਾਹੇ ‘ਤੇ ਦੇਣਗੇ ਜਾਗਰੂਕਤਾ ਦਾ ਸੰਦੇਸ਼

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ): ਸ਼ਰਾਬ ਪੀ ਕੇ ਟ੍ਰੈਫਿਕ ਪੁਲਿਸ ਨਾਲ ਬਹਿਸਬਾਜ਼ੀ ਅਤੇ ਹੰਗਾਮਾ ਕਰਨ ਵਾਲੇ ਸਮਰਾਲਾ ਦੇ ਦੋ ਨੌਜਵਾਨਾਂ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ ਹੈ। ਹੁਣ ਦੋਵੇਂ ਨੌਜਵਾਨ ਚੌਰਾਹਿਆਂ ‘ਤੇ ਖੜ੍ਹ ਕੇ ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਲਈ ਜਾਗਰੂਕ ਕਰਨਗੇ।

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਮਰਾਲਾ ਦੇ ਰਹਿਣ ਵਾਲੇ ਲਵਜੋਤ ਸਿੰਘ (27) ਅਤੇ ਗਗਨਪ੍ਰੀਤ ਸਿੰਘ (27) ਨੇ ਐਤਵਾਰ ਦੇਰ ਰਾਤ ਸੈਕਟਰ-34/35 ਡਿਵਾਈਡਿੰਗ ਰੋਡ ‘ਤੇ ਲੱਗੇ ਟ੍ਰੈਫਿਕ ਨਾਕੇ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਕਰਮਚਾਰੀਆਂ ਨਾਲ ਬਹਿਸ ਕੀਤੀ ਅਤੇ ਦੁਰਵਿਵਹਾਰ ਕੀਤਾ। ਦੋਵਾਂ ਨੇ ਮੌਕੇ ‘ਤੇ ਕਾਫ਼ੀ ਸਮੇਂ ਤੱਕ ਹੰਗਾਮਾ ਵੀ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਫਾਰਚੂਨਰ ਕਾਰ ਜ਼ਬਤ ਕਰ ਲਈ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਕੰਟਰੋਲ ਰੂਮ (ਪੀਸੀਆਰ) ਦੀ ਟੀਮ ਵੀ ਮੌਕੇ ‘ਤੇ ਪਹੁੰਚੀ, ਪਰ ਦੋਵੇਂ ਨੌਜਵਾਨਾਂ ਨੇ ਪੀਸੀਆਰ ਟੀਮ ਨਾਲ ਵੀ ਬਹਿਸ ਜਾਰੀ ਰੱਖੀ। ਆਖ਼ਰਕਾਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇ ਦਿਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ।

ਸੁਣਵਾਈ ਦੌਰਾਨ ਅਦਾਲਤ ਨੇ ਦੋਵਾਂ ਨੂੰ ਸਖ਼ਤ ਫਟਕਾਰ ਲਗਾਉਂਦੇ ਹੋਏ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਅਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ।

ਇਸ ਤੋਂ ਇਲਾਵਾ ਅਦਾਲਤ ਨੇ ਇਕ ਵਿਲੱਖਣ ਸਜ਼ਾ ਵੀ ਸੁਣਾਈ। ਹੁਕਮਾਂ ਅਨੁਸਾਰ ਦੋਵੇਂ ਨੌਜਵਾਨ ਚਾਰ ਦਿਨਾਂ ਤੱਕ ਹਰ ਰੋਜ਼ ਸੈਕਟਰ-16 ਦੇ ਮਟਕਾ ਚੌਕ ‘ਤੇ ਟ੍ਰੈਫਿਕ ਪੁਲਿਸ ਨਾਲ ਖੜ੍ਹ ਕੇ ਹੱਥਾਂ ਵਿੱਚ ਜਾਗਰੂਕਤਾ ਵਾਲੀਆਂ ਤਖ਼ਤੀਆਂ ਫੜਣਗੇ ਅਤੇ ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਦਾ ਸੰਦੇਸ਼ ਦੇਣਗੇ। ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਟ੍ਰੈਫਿਕ ਪੁਲਿਸ ਨੇ ਬੁੱਧਵਾਰ ਤੋਂ ਦੋਵਾਂ ਦੀ ਇਹ ਡਿਊਟੀ ਸ਼ੁਰੂ ਕਰਵਾ ਦਿੱਤੀ ਹੈ।