‘ਸਤਲੁਜ’ ਫ਼ਿਲਮ ਹਟਾਉਣ ਵਿੱਚ ਭਾਜਪਾ ਦੀ ਕੋਈ ਭੂਮਿਕਾ ਨਹੀਂ, ਦਿਲਜੀਤ ‘ਤੇ ਵੀ ਬਿੱਟੂ ਦਾ ਤਿੱਖਾ ਹਮਲਾ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ‘ਸਤਲੁਜ’ ਫ਼ਿਲਮ ਨੂੰ ਓਟੀਟੀ ਪਲੇਟਫਾਰਮ ZEE5 ਤੋਂ ਹਟਾਏ ਜਾਣ ਦੇ ਮਾਮਲੇ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਸ ਲਈ ਭਾਜਪਾ ਜਾਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਤੱਥਾਂ ਤੋਂ ਪਰੇ ਹੈ।

ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਫ਼ਿਲਮ ਵਿੱਚ ਦਰਸਾਈਆਂ ਘਟਨਾਵਾਂ ਉਸ ਸਮੇਂ ਨਾਲ ਸਬੰਧਤ ਹਨ, ਜਦੋਂ ਪੰਜਾਬ ਅਤੇ ਕੇਂਦਰ ਦੋਵੇਂ ਥਾਵਾਂ ‘ਤੇ ਕਾਂਗਰਸ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਓਟੀਟੀ ਪਲੇਟਫਾਰਮਾਂ ‘ਤੇ ਸਮੱਗਰੀ ਨੂੰ ਜਾਰੀ ਰੱਖਣਾ ਜਾਂ ਹਟਾਉਣਾ ਸਬੰਧਤ ਪਲੇਟਫਾਰਮ ਦਾ ਸੰਪਾਦਕੀ, ਕਾਨੂੰਨੀ ਅਤੇ ਵਪਾਰਕ ਫ਼ੈਸਲਾ ਹੁੰਦਾ ਹੈ, ਨਾ ਕਿ ਕੇਂਦਰ ਸਰਕਾਰ ਦਾ।

ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਫ਼ਿਲਮ ‘ਤੇ ਪਾਬੰਦੀ ਲਗਾਉਣਾ ਨਹੀਂ, ਸਗੋਂ ਪੰਜਾਬ ਦੇ ਇਤਿਹਾਸ ਨੂੰ ਸੰਪੂਰਨ ਅਤੇ ਸੰਤੁਲਿਤ ਢੰਗ ਨਾਲ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਦੌਰ ਦੀ ਚਰਚਾ ਦੌਰਾਨ ਹਜ਼ਾਰਾਂ ਬੇਕਸੂਰ ਨਾਗਰਿਕਾਂ, ਪੁਲਿਸ ਮੁਲਾਜ਼ਮਾਂ ਅਤੇ ਹੋਰ ਪੀੜਤ ਪਰਿਵਾਰਾਂ ਦੀ ਕੁਰਬਾਨੀ ਨੂੰ ਵੀ ਬਰਾਬਰ ਮਹੱਤਵ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ‘ਸਤਲੁਜ’ ਫ਼ਿਲਮ ਇਕਪੱਖੀ ਬਿਰਤਾਂਤ ਪੇਸ਼ ਕਰਦੀ ਹੈ ਅਤੇ ਪੰਜਾਬ ਦੇ ਲੋਕ ਪੂਰਾ ਸੱਚ ਜਾਣਨ ਦੇ ਹੱਕਦਾਰ ਹਨ।

ਉਨ੍ਹਾਂ ਇਹ ਵੀ ਦੁਹਰਾਇਆ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਮਹਿਮਾ-ਮੰਡਨ ਨਹੀਂ ਕੀਤਾ ਜਾਣਾ ਚਾਹੀਦਾ। ਬਿੱਟੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਨੇ ਅਤਿਵਾਦ ਪ੍ਰਭਾਵਿਤ ਪੰਜਾਬ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਹਾਲ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਦਿਲਜੀਤ ਨੂੰ “ਬਹਿਰੂਪੀਆ” ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਉਹ ਪੈਸੇ ਅਤੇ ਪ੍ਰਚਾਰ ਲਈ ਆਪਣਾ ਰੁਖ ਬਦਲਦੇ ਹਨ। ਬਿੱਟੂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ਸਿੱਖ ਕੌਮ ਦੀ ਸੇਵਾ ਲਈ ਨਹੀਂ, ਸਗੋਂ ਵਪਾਰਕ ਲਾਭ ਅਤੇ ਵਿਸ਼ਵ ਪੱਧਰੀ ਪ੍ਰਚਾਰ ਹਾਸਲ ਕਰਨ ਲਈ ਬਣਾਈ ਗਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਦੇਸ਼ਾਂ ਵਿੱਚ ਦਿਲਜੀਤ ਦਾ ਰਵੱਈਆ ਅਤੇ ਪੰਜਾਬ ਵਿੱਚ ਦਿੱਤੇ ਜਾਣ ਵਾਲੇ ਬਿਆਨ ਆਪਸ ਵਿੱਚ ਵਿਰੋਧੀ ਹਨ।