ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਭਾਰਤ ਬਣਿਆ ਦੁਨੀਆ ਦਾ ਪੰਜਵਾਂ ਦੇਸ਼

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਈਂਧਨ ਨਾਲ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜੀਂਦ-ਸੋਨੀਪਤ ਰੂਟ ‘ਤੇ ਚੱਲਣ ਵਾਲੀ ਇਸ ਰੇਲਗੱਡੀ ਨਾਲ ਭਾਰਤ ਹਾਈਡ੍ਰੋਜਨ ਰੇਲ ਸੇਵਾ ਸ਼ੁਰੂ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਿੱਚ ਹੀ ਹਾਈਡ੍ਰੋਜਨ ਟ੍ਰੇਨਾਂ ਚੱਲ ਰਹੀਆਂ ਹਨ।

10 ਡੱਬਿਆਂ ਵਾਲੀ ਇਹ ਆਧੁਨਿਕ ਰੇਲਗੱਡੀ ਜੀਂਦ ਅਤੇ ਸੋਨੀਪਤ ਵਿਚਕਾਰ 14 ਸਟੇਸ਼ਨਾਂ ਰਾਹੀਂ ਲਗਭਗ 89 ਕਿਲੋਮੀਟਰ ਦਾ ਸਫ਼ਰ ਕਰੇਗੀ। ਟ੍ਰੇਨ ਦੀ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਹ ਕਰੀਬ ਦੋ ਘੰਟਿਆਂ ਵਿੱਚ ਆਪਣਾ ਸਫ਼ਰ ਪੂਰਾ ਕਰੇਗੀ। ਯਾਤਰੀਆਂ ਲਈ ਕਿਰਾਇਆ 5 ਤੋਂ 25 ਰੁਪਏ ਤੱਕ ਰੱਖਿਆ ਗਿਆ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਰੇਲਵੇ ਨਾਲ ਜੁੜੇ ਅੱਠ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਐਲੀਵੇਟਿਡ ਰੇਲਵੇ ਟ੍ਰੈਕ ਅਤੇ ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਲ ਹਨ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀ ਰੇਲ ਹਾਈਡ੍ਰੋਜਨ ਨਾਲ ਚੱਲੇਗੀ ਅਤੇ ਭਾਰਤੀ ਇੰਜੀਨੀਅਰਾਂ ਨੇ ਇਸ ਤਕਨਾਲੋਜੀ ਨੂੰ ਵਿਕਸਿਤ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੀਂਦ-ਸੋਨੀਪਤ ਵਿਚਕਾਰ ਚੱਲਣ ਵਾਲੀ ਇਹ ਰੇਲਗੱਡੀ 3,200 ਹਾਰਸਪਾਵਰ ਸਮਰੱਥਾ ਨਾਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ ਟ੍ਰੇਨ ਹੈ ਅਤੇ ਲੰਬੀ ਦੂਰੀ ਤੱਕ ਚੱਲਣ ਵਾਲੀਆਂ ਹਾਈਡ੍ਰੋਜਨ ਰੇਲ ਸੇਵਾਵਾਂ ਵਿੱਚੋਂ ਇੱਕ ਹੈ।

ਉਨ੍ਹਾਂ ਕਿਹਾ ਕਿ ਫਿਲਹਾਲ ਇਹ ਟ੍ਰੇਨ ਕਰੀਬ 90 ਕਿਲੋਮੀਟਰ ਦੇ ਰੂਟ ‘ਤੇ ਚੱਲੇਗੀ, ਪਰ ਭਵਿੱਖ ਵਿੱਚ ਇਸ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਲਾਗਤ ਘਟਾਉਣ ਅਤੇ ਤਕਨਾਲੋਜੀ ਨੂੰ ਹੋਰ ਬਿਹਤਰ ਬਣਾਉਣ ਲਈ ਖੋਜ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਰੇਲਗੱਡੀ ਭਾਰਤੀ ਇੰਜੀਨੀਅਰਾਂ ਨੇ ਡਿਜ਼ਾਈਨ ਕੀਤੀ ਹੈ ਅਤੇ ਇਸ ਦਾ ਨਿਰਮਾਣ ਵੀ ਭਾਰਤੀ ਕੰਪਨੀ ਨੇ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਂਦ ਵਿੱਚ ਇਸ ਪ੍ਰੋਜੈਕਟ ਨਾਲ ਹੋਰ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ, ਜਿਸ ਨਾਲ ਨਵੇਂ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਉਨ੍ਹਾਂ ਨੇ ਹੋਰਮੁਜ਼ ਜਲਡਮਰੂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਉੱਥੇ ਜੰਗ ਵਰਗੀ ਸਥਿਤੀ ਬਣਦੀ ਹੈ ਤਾਂ ਪੈਟਰੋਲ, ਡੀਜ਼ਲ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਰੇਲਵੇ ਦਾ ਵੱਡਾ ਹਿੱਸਾ ਡੀਜ਼ਲ ਇੰਜਣਾਂ ‘ਤੇ ਨਿਰਭਰ ਸੀ, ਜਿਸ ਕਾਰਨ ਅਜਿਹੇ ਸੰਕਟ ਦਾ ਸਿੱਧਾ ਅਸਰ ਰੇਲ ਸੇਵਾਵਾਂ ‘ਤੇ ਪੈਂਦਾ।

ਮੋਦੀ ਨੇ ਕਿਹਾ ਕਿ ਹੁਣ ਭਾਰਤ ਦੀ ਸਥਿਤੀ ਬਦਲ ਚੁੱਕੀ ਹੈ। ਉਨ੍ਹਾਂ ਦੇ ਅਨੁਸਾਰ 1925 ਤੋਂ 2014 ਤੱਕ ਲਗਭਗ 90 ਸਾਲਾਂ ਵਿੱਚ ਦੇਸ਼ ਦੇ ਕੇਵਲ 30 ਫੀਸਦੀ ਰੇਲਵੇ ਨੈੱਟਵਰਕ ਦਾ ਹੀ ਬਿਜਲੀਕਰਨ ਹੋਇਆ ਸੀ, ਜਦਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰਕੇ ਰੇਲਵੇ ਨੂੰ ਆਧੁਨਿਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਅਤੇ ਸਾਫ਼ ਊਰਜਾ ਵੱਲ ਵਧਦਾ ਭਾਰਤ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।