
Skip to content

ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਭਾਰਤ ਬਣਿਆ ਦੁਨੀਆ ਦਾ ਪੰਜਵਾਂ ਦੇਸ਼
ਚੰਡੀਗੜ੍ਹ/ਜੀਂਦ (ਅਰਸ਼ਦੀਪ ਸਿੰਘ ਕਾਲੜਾ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਚਾਲਿਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜੀਂਦ ਤੋਂ ਸੋਨੀਪਤ ਵਿਚਕਾਰ ਚੱਲਣ ਵਾਲੀ ਇਸ ਰੇਲਗੱਡੀ ਨਾਲ ਭਾਰਤ ਹਾਈਡ੍ਰੋਜਨ ਰੇਲ ਤਕਨਾਲੋਜੀ ਅਪਣਾਉਣ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਤਕਨਾਲੋਜੀ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਿੱਚ ਵਰਤੀ ਜਾ ਰਹੀ ਹੈ।
10 ਡੱਬਿਆਂ ਵਾਲੀ ਇਹ ਆਧੁਨਿਕ ਰੇਲਗੱਡੀ 89 ਕਿਲੋਮੀਟਰ ਦਾ ਸਫ਼ਰ ਕਰੀਬ ਦੋ ਘੰਟਿਆਂ ਵਿੱਚ ਪੂਰਾ ਕਰੇਗੀ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਰਸਤੇ ਵਿੱਚ 14 ਸਟੇਸ਼ਨਾਂ ‘ਤੇ ਰੁਕੇਗੀ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦਾ ਕਿਰਾਇਆ ਸਿਰਫ਼ 5 ਤੋਂ 25 ਰੁਪਏ ਤੱਕ ਰੱਖਿਆ ਗਿਆ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੁੱਲ ਨੌਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ, ਜਿਨ੍ਹਾਂ ਵਿੱਚ ਐਲੀਵੇਟਿਡ ਰੇਲਵੇ ਟਰੈਕ ਅਤੇ ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਲ ਹਨ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਮੌਕੇ ਕਿਹਾ ਕਿ ਅੱਜ ਦਾ ਦਿਨ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਹਾਈਡ੍ਰੋਜਨ ਤਕਨਾਲੋਜੀ ਵੱਲ ਭਾਰਤ ਦਾ ਇਹ ਕਦਮ ਸਾਫ਼ ਅਤੇ ਹਰਿਤ ਆਵਾਜਾਈ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਰੇਲਗੱਡੀ ਵਿੱਚ ਹਾਈਡ੍ਰੋਜਨ ਗੈਸ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਅਤੇ ਉਸੇ ਬਿਜਲੀ ਨਾਲ ਰੇਲ ਚੱਲਦੀ ਹੈ। ਸਧਾਰਨ ਭਾਸ਼ਾ ਵਿੱਚ ਕਹੀਏ ਤਾਂ ਇਸ ਦੇ ਅੰਦਰ ਹੀ ਇੱਕ ਛੋਟਾ ਜਿਹਾ ਬਿਜਲੀ ਘਰ ਕੰਮ ਕਰਦਾ ਹੈ।
ਜੀਂਦ ਵਿਖੇ ਸਥਾਪਿਤ ਪਲਾਂਟ ਵਿੱਚ ਹਾਈਡ੍ਰੋਜਨ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਇਹ ਰੇਲਗੱਡੀ ਚਲਦੀ ਹੈ। ਇਸ ਤਕਨੀਕ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਤੋਂ ਧੂੰਆਂ ਜਾਂ ਕਾਰਬਨ ਪ੍ਰਦੂਸ਼ਣ ਨਹੀਂ ਨਿਕਲਦਾ। ਇਸ ਦੀ ਥਾਂ ਸਿਰਫ਼ ਪਾਣੀ ਦੀ ਭਾਫ਼ ਅਤੇ ਪਾਣੀ ਦੀਆਂ ਬੂੰਦਾਂ ਹੀ ਨਿਕਲਦੀਆਂ ਹਨ, ਜਿਸ ਕਾਰਨ ਇਸ ਨੂੰ ਵਾਤਾਵਰਣ ਪੱਖੋਂ ਬਿਲਕੁਲ ਸਾਫ਼ ਅਤੇ ਭਵਿੱਖ ਦੀ ਆਵਾਜਾਈ ਲਈ ਮਹੱਤਵਪੂਰਨ ਤਕਨਾਲੋਜੀ ਮੰਨਿਆ ਜਾ ਰਿਹਾ ਹੈ।
ਹਾਈਡ੍ਰੋਜਨ ਰੇਲਗੱਡੀ ਦੀ ਸ਼ੁਰੂਆਤ ਨਾਲ ਭਾਰਤ ਨੇ ਗ੍ਰੀਨ ਟਰਾਂਸਪੋਰਟ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰ ਲਈ ਹੈ ਅਤੇ ਇਹ ਕਦਮ ਦੇਸ਼ ਨੂੰ ਸਾਫ਼, ਟਿਕਾਊ ਅਤੇ ਆਧੁਨਿਕ ਰੇਲ ਪ੍ਰਣਾਲੀ ਵੱਲ ਅੱਗੇ ਲੈ ਜਾਣ ਵਾਲਾ ਮੰਨਿਆ ਜਾ ਰਿਹਾ ਹੈ।

Related