
Skip to content

ਚੰਡੀਗੜ੍ਹ ਨੂੰ 4,700 ਕਰੋੜ ਰੁਪਏ ਦੀ ਵੱਡੀ ਸੌਗਾਤ, PM ਮੋਦੀ ਨੇ ਸਿਹਤ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਕੀਤੇ ਲੋਕ ਅਰਪਣ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਨੂੰ 4,700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਵੱਡੀ ਸੌਗਾਤ ਦਿੱਤੀ। ਉਨ੍ਹਾਂ ਸਿਹਤ, ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।
ਹਰਿਆਣਾ ਦੇ ਜੀਂਦ ਵਿੱਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਪਹੁੰਚੇ, ਜਿੱਥੇ ਵਿਸ਼ੇਸ਼ ਸਮਾਗਮ ਦੌਰਾਨ ਇਹ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਇਸ ਮੌਕੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਚੰਡੀਗੜ੍ਹ ਤੋਂ ਕਾਂਗਰਸ ਸਾਂਸਦ ਮਨੀਸ਼ ਤਿਵਾਰੀ ਵੀ ਹਾਜ਼ਰ ਰਹੇ।
ਪ੍ਰਧਾਨ ਮੰਤਰੀ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਵਿਖੇ ਆਧੁਨਿਕ ਮਾਂ ਅਤੇ ਬਾਲ ਕੇਂਦਰ (ਮੈਟਰਨਲ ਐਂਡ ਚਾਈਲਡ ਕੇਅਰ ਸੈਂਟਰ) ਅਤੇ ਨਿਊਰੋਸਾਇੰਸ ਕੇਂਦਰ ਦਾ ਉਦਘਾਟਨ ਕੀਤਾ। 300 ਬੈੱਡਾਂ ਨਾਲ ਲੈਸ ਇਹ ਮਾਂ ਅਤੇ ਬਾਲ ਕੇਂਦਰ ਆਧੁਨਿਕ ਸਿਹਤ ਸਹੂਲਤਾਂ ਨਾਲ ਸਜਿਆ ਹੋਇਆ ਹੈ, ਜਿਸ ਨਾਲ ਚੰਡੀਗੜ੍ਹ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਨੇੜਲੇ ਇਲਾਕਿਆਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਬਿਹਤਰ ਇਲਾਜ ਦੀ ਸਹੂਲਤ ਮਿਲੇਗੀ।
ਇਸ ਦੇ ਨਾਲ ਹੀ ਨਵੇਂ ਨਿਊਰੋਸਾਇੰਸ ਕੇਂਦਰ ਵਿੱਚ ਦਿਮਾਗ ਅਤੇ ਨਾੜੀ ਪ੍ਰਣਾਲੀ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਲਈ ਸਾਰੀਆਂ ਆਧੁਨਿਕ ਸਹੂਲਤਾਂ ਇੱਕੋ ਛੱਤ ਹੇਠ ਉਪਲਬਧ ਹੋਣਗੀਆਂ। ਇਸ ਕੇਂਦਰ ਨਾਲ ਗੰਭੀਰ ਨਿਊਰੋਲੋਜੀਕਲ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਵਿਸ਼ਵ ਪੱਧਰੀ ਇਲਾਜ ਮਿਲਣ ਦੇ ਨਾਲ-ਨਾਲ ਮੈਡੀਕਲ ਖੋਜ, ਸਿੱਖਿਆ ਅਤੇ ਸਿਖਲਾਈ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟ੍ਰਕਚਰ ਮਿਸ਼ਨ (PM-ABHIM) ਤਹਿਤ ਪੀਜੀਆਈਐਮਈਆਰ ਵਿੱਚ ਬਣਾਏ ਜਾਣ ਵਾਲੇ 150 ਬੈੱਡਾਂ ਵਾਲੇ ਅਤਿ-ਆਧੁਨਿਕ ਇੰਟੈਂਸਿਵ ਕੇਅਰ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ। ਇਹ ਨਵਾਂ ਬਲਾਕ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਏਗਾ ਅਤੇ ਐਮਰਜੈਂਸੀ ਹਾਲਾਤ ਵਿੱਚ ਇਲਾਜ ਦੀ ਸਮਰੱਥਾ ਵਿੱਚ ਵੱਡਾ ਵਾਧਾ ਕਰੇਗਾ।
ਇਨ੍ਹਾਂ ਪ੍ਰੋਜੈਕਟਾਂ ਨੂੰ ਚੰਡੀਗੜ੍ਹ ਅਤੇ ਉੱਤਰੀ ਭਾਰਤ ਦੀ ਸਿਹਤ ਅਤੇ ਬੁਨਿਆਦੀ ਢਾਂਚਾ ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

Related