
Skip to content

ਮੁਹਾਲੀ ਏਅਰੋਟ੍ਰੋਪੋਲਿਸ ਵਿਸਥਾਰ ਲਈ 3,864 ਏਕੜ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ ‘ਚ, 20 ਜੁਲਾਈ ਨੂੰ ਕਿਸਾਨਾਂ ਨੂੰ ਸੁਣਾਏ ਜਾਣਗੇ ਅਵਾਰਡ
ਐੱਸ.ਏ.ਐੱਸ. ਨਗਰ (ਅਰਸ਼ਦੀਪ ਸਿੰਘ ਕਾਲੜਾ) :- ਮੁਹਾਲੀ ਦੇ ਮਹੱਤਵਪੂਰਨ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਦੇ ਵਿਸਥਾਰ ਲਈ 3,864 ਏਕੜ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਗਈ ਹੈ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ 20 ਜੁਲਾਈ ਨੂੰ ਅੱਠ ਪਿੰਡਾਂ ਦੇ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਸਬੰਧੀ ਅਵਾਰਡ ਸੁਣਾਏ ਜਾਣਗੇ। ਇਸ ਸਬੰਧੀ ਭੂਮੀ ਪ੍ਰਾਪਤੀ ਕਲੈਕਟਰ ਵੱਲੋਂ ਸਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਮੁਨਿਆਦੀ ਕਰਵਾਉਣ ਅਤੇ ਕਿਸਾਨਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਏਅਰੋਟ੍ਰੋਪੋਲਿਸ ਦੇ ਈ, ਐੱਫ, ਜੀ, ਐੱਚ, ਆਈ ਅਤੇ ਜੇ ਪਾਕੇਟਾਂ ਦੇ ਵਿਕਾਸ ਲਈ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋਂ, ਮਟਰਾਂ, ਬੜੀ, ਬਾਕਰਪੁਰ ਅਤੇ ਸਿਆਊ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕੀਤੀ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਨੂੰ ਨਕਦ ਮੁਆਵਜ਼ਾ ਜਾਂ ਲੈਂਡ ਪੂਲਿੰਗ ਦੇ ਲਾਭਾਂ ਵਿੱਚੋਂ ਆਪਣੀ ਪਸੰਦ ਦਾ ਵਿਕਲਪ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ।
ਗਮਾਡਾ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ 20 ਜੁਲਾਈ ਨੂੰ ਪੁੱਡਾ ਭਵਨ ਦੀ ਦੂਜੀ ਮੰਜ਼ਿਲ ਸਥਿਤ ਕਮੇਟੀ ਹਾਲ ਵਿੱਚ ਸਵੇਰੇ 10 ਵਜੇ ਕੁਰੜੀ, 11 ਵਜੇ ਪੱਤੋਂ, 12 ਵਜੇ ਸਿਆਊ, ਦੁਪਹਿਰ 1 ਵਜੇ ਬੜੀ, 2 ਵਜੇ ਮਟਰਾਂ ਅਤੇ ਬਾਕਰਪੁਰ, 3 ਵਜੇ ਛੱਤ ਅਤੇ ਸ਼ਾਮ 4 ਵਜੇ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਅਵਾਰਡ ਸੁਣਾਏ ਜਾਣਗੇ।
ਸੋਧੀ ਹੋਈ ਲੈਂਡ ਪੂਲਿੰਗ ਨੀਤੀ ਅਧੀਨ ਹਰ ਇੱਕ ਏਕੜ ਦੇ ਬਦਲੇ ਕਿਸਾਨਾਂ ਨੂੰ 1,000 ਵਰਗ ਗਜ਼ ਰਿਹਾਇਸ਼ੀ ਅਤੇ 210 ਵਰਗ ਗਜ਼ ਵਪਾਰਕ ਸਾਈਟ ਦਿੱਤੀ ਜਾਵੇਗੀ। ਜੇਕਰ ਕੋਈ ਕਿਸਾਨ ਵਪਾਰਕ ਸਾਈਟ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ 1,630 ਵਰਗ ਗਜ਼ ਰਿਹਾਇਸ਼ੀ ਪਲਾਟ ਦਾ ਵਿਕਲਪ ਮਿਲੇਗਾ। ਇਸ ਤੋਂ ਇਲਾਵਾ ਸਹੂਲਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਨਾਲ ਅਗਲੇ ਚਾਰ ਸਾਲਾਂ ਤੱਕ ਜ਼ਮੀਨ ਜਾਂ ਪਲਾਟ ਦੀ ਰਜਿਸਟਰੀ ‘ਤੇ ਸਟੈਂਪ ਡਿਊਟੀ ਤੋਂ ਛੋਟ ਮਿਲੇਗੀ।
ਲੈਂਡ ਪੂਲਿੰਗ ਜਾਂ ਮੁਆਵਜ਼ਾ ਲੈਣ ਵਾਲੇ ਕਿਸਾਨਾਂ ਨੂੰ ਆਊਸਟੀ ਕੋਟੇ ਤਹਿਤ ਰਾਖਵੀਂ ਕੀਮਤ ‘ਤੇ ਪਲਾਟ ਵੀ ਦਿੱਤੇ ਜਾਣਗੇ। ਇੱਕ ਏਕੜ ਤੱਕ ਜ਼ਮੀਨ ਵਾਲਿਆਂ ਨੂੰ 200 ਵਰਗ ਗਜ਼, ਇੱਕ ਤੋਂ ਢਾਈ ਏਕੜ ਵਾਲਿਆਂ ਨੂੰ 300 ਵਰਗ ਗਜ਼ ਅਤੇ ਢਾਈ ਏਕੜ ਤੋਂ ਵੱਧ ਜ਼ਮੀਨ ਵਾਲਿਆਂ ਨੂੰ 500 ਵਰਗ ਗਜ਼ ਦਾ ਪਲਾਟ ਮਿਲੇਗਾ। ਇਸ ਦੇ ਨਾਲ ਖੇਤੀਬਾੜੀ ਬਿਜਲੀ ਕੁਨੈਕਸ਼ਨ, ਜ਼ਮੀਨ ਦੇ ਠੇਕੇ ਅਤੇ ਹੋਰ ਪਹਿਲਾਂ ਤੋਂ ਮਿਲ ਰਹੇ ਲਾਭ ਵੀ ਜਾਰੀ ਰਹਿਣਗੇ।
20 ਜੁਲਾਈ ਨੂੰ ਹੋਣ ਵਾਲੀ ਇਹ ਕਾਰਵਾਈ ਮੁਹਾਲੀ ਏਅਰੋਟ੍ਰੋਪੋਲਿਸ ਪ੍ਰਾਜੈਕਟ ਦੇ ਵਿਸਥਾਰ ਲਈ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ, ਜਿਸ ਨਾਲ ਖੇਤਰ ਦੇ ਵਿਕਾਸ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ।

Related