
Skip to content

ਜਲੰਧਰ ਵਿੱਚ ਪੰਜਾਬੀ ਲਿਖਾਰੀ ਸਭਾ ਦਾ ਕਵੀ ਦਰਬਾਰ ਸਜਿਆ, ਉੱਘੇ ਸਾਹਿਤਕਾਰਾਂ ਦਾ ਸਨਮਾਨ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬੀ ਲਿਖਾਰੀ ਸਭਾ (ਰਜਿ.) ਜਲੰਧਰ ਵੱਲੋਂ 15 ਜੁਲਾਈ 2026 ਨੂੰ ਸਰਪ੍ਰਸਤ ਸ੍ਰ. ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਮਹੀਨਾਵਾਰੀ ਸਮਾਗਮ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਸਿੱਧ ਲੇਖਕ ਅਤੇ ਕਵੀ ਡਾ. ਸਾਧੂ ਰਾਮ ਲੰਗੇਆਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸ੍ਰ. ਗੁਰਜੰਟ ਸਿੰਘ ਕਲਸੀ ਅਤੇ ਸ੍ਰ. ਗੁਰਿੰਦਰ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਸਨ।
ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਸਾਧੂ ਰਾਮ ਲੰਗੇਆਣਾ ਨੂੰ ਪ੍ਰਿੰਸੀਪਲ ਸੁਰਿੰਦਰ ਮੋਹਣ, ਗੁਰਜੰਟ ਸਿੰਘ ਕਲਸੀ ਨੂੰ ਬਲਦੇਵ ਸਿੰਘ ਬੱਦਨ ਅਤੇ ਗੁਰਿੰਦਰ ਸਿੰਘ ਸੈਣੀ ਨੂੰ ਜਰਨੈਲ ਸਿੰਘ ਸਾਖੀ ਵੱਲੋਂ ਪੰਜਾਬੀ ਮਾਂ-ਬੋਲੀ ਦੇ ਮਾਣ-ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸ਼ਰਮਾ, ਰਜਿੰਦਰ ਕੌਰ, ਕਰਮਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਵੀ ਸਾਹਿਤਕ ਅਤੇ ਸਮਾਜਿਕ ਯੋਗਦਾਨ ਲਈ ਸਨਮਾਨ ਦਿੱਤਾ ਗਿਆ।
ਸਭਾ ਦੇ ਪ੍ਰਧਾਨ ਸ੍ਰ. ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਸ਼ੁਰੂਆਤ ਕਰਦਿਆਂ ਮਹਿਮਾਨਾਂ, ਕਵੀਆਂ, ਲੇਖਕਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ। ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਕਵੀ ਦਰਬਾਰ ਦਾ ਆਗਾਜ਼ ਕੀਤਾ ਅਤੇ ਪੂਰੇ ਸਮਾਗਮ ਦਾ ਮੰਚ ਸੰਚਾਲਨ ਵੀ ਕੀਤਾ। ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਨਮਾਨਿਤ ਸ਼ਖਸੀਅਤਾਂ ਦੀ ਸਾਹਿਤਕ ਦੇਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਹ ਸਮਾਗਮ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕੀਤਾ ਗਿਆ। ਕਵੀ ਦਰਬਾਰ ਵਿੱਚ ਮਹਿੰਦਰ ਸਿੰਘ ਅਨੇਜਾ, ਬਲਦੇਵ ਸਿੰਘ ਬੱਦਨ, ਡਾ. ਹਰਪ੍ਰੀਤ ਸਿੰਘ ਰਾਣਾ, ਹਰਜਿੰਦਰ ਸਿੰਘ ‘ਜਿੰਦੀ’, ਹਰਭਜਨ ਸਿੰਘ ਨਾਹਲ, ਐਸ.ਐਸ. ਸੰਧੂ, ਵੀ.ਕੇ. ਦਿਆਲਪੁਰੀ, ਡਾ. ਸਾਧੂ ਰਾਮ ਲੰਗੇਆਣਾ, ਗੁਰਜੰਟ ਸਿੰਘ ਕਲਸੀ, ਸੋਢੀ ਸੱਤੋਵਾਲੀ, ਹਰਬੰਸ ਸਿੰਘ ਕਲਸੀ, ਪ੍ਰਿੰਸੀਪਲ ਭਗਵੰਤ ਸਿੰਘ, ਸੁਖਦੇਵ ਸਿੰਘ ਗੰਢਵਾਂ, ਜਰਨੈਲ ਸਿੰਘ ਸਾਖੀ, ਵਰਿੰਦਰ ਲਾਲੀ, ਨਾਨਕ ਚੰਦ ਵਸ਼ਿਸ਼ਟ, ਅਸ਼ੋਕ ਟਾਂਡੀ, ਹੀਰਾ ਲਾਲ ਮਲਹੋਤਰਾ, ਪਰਵੀਨ ਅਬਰੋਲ, ਉਰਮਲਜੀਤ ਸਿੰਘ ਵਾਲੀਆ, ਇੰਦਰ ਸਿੰਘ ਮਿਸ਼ਰੀ, ਪ੍ਰਿੰਸੀਪਲ ਸੁਰਿੰਦਰ ਮੋਹਣ, ਕੀਮਤੀ ਕੇਸਰ, ਮੈਡਮ ਅਮਨਦੀਪ ਕੌਰ, ਮੈਡਮ ਬਲਜੀਤ ਕੌਰ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਅਤੇ ਗੀਤਾਂ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ।
ਪ੍ਰਧਾਨਗੀ ਮੰਡਲ ਵਿੱਚ ਡਾ. ਸਾਧੂ ਰਾਮ ਲੰਗੇਆਣਾ, ਗੁਰਜੰਟ ਸਿੰਘ ਕਲਸੀ, ਗੁਰਿੰਦਰ ਸਿੰਘ ਸੈਣੀ, ਹਰਭਜਨ ਸਿੰਘ ਨਾਹਲ, ਪ੍ਰਿੰਸੀਪਲ ਸੁਰਿੰਦਰ ਮੋਹਣ, ਜਸਵੀਰ ਸ਼ਰਮਾ ਅਤੇ ਸਭਾ ਦੀ ਮੀਤ ਪ੍ਰਧਾਨ ਮੈਡਮ ਪਰਵੀਨ ਅਬਰੋਲ ਸ਼ਾਮਲ ਸਨ। ਮੈਡਮ ਪਰਵੀਨ ਅਬਰੋਲ ਨੇ ਆਪਣੇ ਪਿਤਾ ਨਾਲ ਜੁੜੀ ਇੱਕ ਪ੍ਰੇਰਣਾਦਾਇਕ ਯਾਦ ਸਾਂਝੀ ਕਰਦਿਆਂ ਨੇਕ ਕਰਮ ਕਰਨ ਦਾ ਸੰਦੇਸ਼ ਦਿੱਤਾ।
ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸੁਰਿੰਦਰ ਮੋਹਣ ਨੇ ਯੋਗ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਯੋਗ ਵਿਸ਼ੇ ‘ਤੇ ਕਵਿਤਾ ਵੀ ਪੇਸ਼ ਕੀਤੀ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ।
ਸਮਾਗਮ ਦੇ ਅੰਤ ਵਿੱਚ ਅਗਲੇ ਮਹੀਨੇ 15 ਤਰੀਖ਼ ਨੂੰ ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਸੰਪੰਨ ਹੋਇਆ। ਇਸ ਸਮਾਗਮ ਦਾ ਲਾਈਵ ਪ੍ਰਸਾਰਣ ਹਰਜਿੰਦਰ ਸਿੰਘ ‘ਜਿੰਦੀ’ ਵੱਲੋਂ ‘ਪੰਜਾਬ ਦੇ ਲਿਖਾਰੀ’ ਯੂਟਿਊਬ ਚੈਨਲ ‘ਤੇ ਕੀਤਾ ਗਿਆ।

Related