ਕਾਮੇਡੀ-ਡ੍ਰਾਮੈਟਿਕ ਅਤੇ ਪਰਿਵਾਰਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਤਾਨੀਆ ਅਤੇ ਗੀਤਾਜ ਬਿੰਦਰਖੀਆ ਦੁਆਰਾ ਮੁੱਖ ਰੋਲ ਪਲੇ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ, ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਗੁਰਜੱਜ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਹਾਰਬੀ ਸੰਘਾ, ਗੁਰਪ੍ਰੀਤ ਕੌਰ, ਅੰਮ੍ਰਿਤ ਅੰਬੀ, ਮਿੰਟੂ ਕਾਪਾ, ਮਨਵੀਰ ਰਾਏ ਆਦਿ ਵੀ ਸ਼ਾਮਲ ਸਨ।

‘ਜੀ ਸਟੂਡਿਓਜ ਅਤੇ ਵੀ ਐਚ ਐਟਰਟੇਂਨਮੈਟ’ ਦੇ ਬੈਨਰ ਹੇਠ ਬਣਾਈ ਗਈ ਇਹ ਫ਼ਿਲਮ 26 ਮਈ ਨੂੰ ਵਿਸ਼ਵ-ਭਰ ‘ਚ ਰਿਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਨਾਲ ਇੱਕ ਹੋਰ ਰਾਸ਼ਟਰੀ ਫਿਲਮ ਪੁਰਸਕਾਰ ਪੰਜਾਬੀ ਸਿਨੇਮਾਂ ਦੀ ਝੋਲੀ ਪਾਉਣ ਵਾਲੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਪਾਲੀਵੁੱਡ ਦੇ ਅਜਿਹੇ ਨਿਰਦੇਸ਼ਕ ਵਜੋ ਪਹਿਚਾਣ ਬਣਾ ਚੁੱਕੇ ਹਨ, ਜਿਨ੍ਹਾਂ ਦੀਆਂ ਨਿਰਦੇਸ਼ਿਤ ਦੋ ਪੰਜਾਬੀ ਫਿਲਮਾਂ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰਨ ਵਿੱਚ ਸਫ਼ਲ ਰਹੀਆ ਹਨ। ਫਿਲਮ ‘ਗੋਡੇ ਗੋਡੇ ਚਾਅ’ਤੋਂ ਇਲਾਵਾ ਇਨ੍ਹਾਂ ਵਿੱਚ ਸਾਲ 2018 ‘ਚ ਆਈ ‘ਹਰਜੀਤਾ’ ਵੀ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰ ਚੁੱਕੀ ਹੈ।

