(ਅਮਿਤ ਨਖਵਾਲ):- ਚੰਡੀਗੜ੍ਹ: ਪੰਜਾਬ ਵਿੱਚ ਭਿਆਨਕ ਗਰਮੀ ਅਤੇ ਵੱਧ ਰਹੀ ਬਿਜਲੀ ਮੰਗ ਦੇ ਦਰਮਿਆਨ ਬਿਜਲੀ ਸੰਕਟ ਦਾ ਖਤਰਾ ਮੰਡਰਾਉਣ ਲੱਗਾ ਹੈ। ਬਠਿੰਡਾ ਸਥਿਤ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਬੰਦ ਹੋ ਜਾਣ ਕਾਰਨ ਸੂਬੇ ਦੀ ਬਿਜਲੀ ਸਪਲਾਈ 'ਤੇ ਗੰਭੀਰ ਅਸਰ ਪਿਆ ਹੈ। ਇਸ ਕਾਰਨ ਪੰਜਾਬ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ, ਤਾਪ ਬਿਜਲੀ ਘਰਾਂ ਵਿੱਚ ਚੱਲ ਰਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਅਤੇ ਤਕਨੀਕੀ ਖਰਾਬੀਆਂ ਕਾਰਨ ਲਹਿਰਾ ਮੁਹੱਬਤ ਪਲਾਂਟ ਦਾ 920 ਮੈਗਾਵਾਟ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪਲਾਂਟ ਦੇ ਤਿੰਨ ਯੂਨਿਟ ਪਹਿਲਾਂ ਹੀ ਤਕਨੀਕੀ ਕਾਰਨਾਂ ਕਰਕੇ ਬੰਦ ਸਨ, ਜਦਕਿ ਸ਼ਨੀਵਾਰ ਨੂੰ ਚੌਥਾ ਯੂਨਿਟ ਵੀ ਬੰਦ ਹੋ ਗਿਆ।

    ਇਸ ਤੋਂ ਇਲਾਵਾ, ਰੋਪੜ ਤਾਪ ਬਿਜਲੀ ਘਰ ਦਾ ਇੱਕ ਯੂਨਿਟ ਵੀ ਬੰਦ ਪਿਆ ਹੈ ਅਤੇ ਬਾਕੀ ਯੂਨਿਟ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਹੇ। ਉੱਥੇ ਹੀ ਗੁਰੂ ਅਮਰਦਾਸ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਹੈ, ਜਦਕਿ ਦੂਜਾ ਘੱਟ ਸਮਰੱਥਾ ਨਾਲ ਚੱਲ ਰਿਹਾ ਹੈ।

    ਦੂਜੇ ਪਾਸੇ, ਸੂਬੇ ਵਿੱਚ ਵਧ ਰਹੀ ਉਮਸ ਅਤੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਖਪਤ ਲਗਾਤਾਰ ਵਧ ਰਹੀ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਮੰਗ 15,000 ਮੈਗਾਵਾਟ ਤੋਂ ਵੀ ਵੱਧ ਹੋ ਸਕਦੀ ਹੈ, ਜਿਸ ਨਾਲ ਬਿਜਲੀ ਪ੍ਰਬੰਧਨ ਲਈ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ।

    ਇਸ ਮਾਮਲੇ ‘ਤੇ ਠੇਕਾ ਮੁਲਾਜ਼ਮ ਜਥੇਬੰਦੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਹੱਲ ਨਾ ਹੋਣ ਕਾਰਨ ਇਹ ਸਥਿਤੀ ਬਣੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦ ਹੱਲ ਨਾ ਕੱਢਿਆ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।

    ਬਿਜਲੀ ਉਤਪਾਦਨ ਵਿੱਚ ਆਈ ਇਸ ਵੱਡੀ ਕਮੀ ਨੇ ਪੰਜਾਬ ਵਿੱਚ ਸੰਭਾਵਿਤ ਬਿਜਲੀ ਕੱਟਾਂ ਅਤੇ ਸਪਲਾਈ ਸੰਬੰਧੀ ਮੁਸ਼ਕਲਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।