ਪੰਜਾਬ ‘ਚ ਮੌਸਮ ਨੇ ਲਈ ਕਰਵਟ, ਤੇਜ਼ ਹਵਾਵਾਂ ਤੇ ਮੀਂਹ ਨਾਲ ਅਬੋਹਰ ‘ਚ ਡੇਅਰੀ ਮਾਲਕ ਦੀ ਮੌਤ

ਪੰਜਾਬ ਦੇ ਮੌਸਮ ਨੇ ਬੀਤੀ ਰਾਤ ਅਚਾਨਕ ਕਰਵਟ ਲੈ ਲਈ। ਜਲੰਧਰ, ਮੋਹਾਲੀ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ, ਫਾਜ਼ਿਲਕਾ ਦੇ ਅਬੋਹਰ ਖੇਤਰ ਵਿੱਚ ਖ਼ਰਾਬ ਮੌਸਮ ਨੇ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਢਾਹ ਦਿੱਤਾ।

ਜਾਣਕਾਰੀ ਅਨੁਸਾਰ, ਕੰਧਵਾਲਾ ਰੋਡ ਨੇੜੇ ਨਹਿਰ ਕੋਲ ਤੇਜ਼ ਹਵਾਵਾਂ ਕਾਰਨ ਇੱਕ ਦਰੱਖਤ ਡਿੱਗ ਗਿਆ, ਜਿਸ ਦੀ ਚਪੇਟ ਵਿੱਚ ਆ ਕੇ 40 ਸਾਲਾ ਡੇਅਰੀ ਮਾਲਕ ਦਵਿੰਦਰ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕ ਤਾਰਾ ਅਸਟੇਟ ਦਾ ਰਹਿਣ ਵਾਲਾ ਸੀ ਅਤੇ ਢਾਣੀ ਵਿਸ਼ੇਸ਼ਨਾਥ ਵਿੱਚ ਡੇਅਰੀ ਫਾਰਮ ਚਲਾਉਂਦਾ ਸੀ। ਐਤਵਾਰ ਸਵੇਰੇ ਉਹ ਆਪਣੇ ਫਾਰਮ ਤੋਂ ਦੁੱਧ ਦੀ ਸਪਲਾਈ ਲਈ ਸ਼ਹਿਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਮੰਦਭਾਗਾ ਹਾਦਸਾ ਵਾਪਰ ਗਿਆ।

ਇਸੇ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਤੂਫ਼ਾਨ ਅਤੇ ਬਿਜਲੀ ਗਰਜਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਬਰਨਾਲਾ, ਸੰਗਰੂਰ, ਬਠਿੰਡਾ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਲੁਧਿਆਣਾ ਅਤੇ ਐਸਬੀਐਸ ਨਗਰ ਦੇ ਕੁਝ ਹਿੱਸਿਆਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਖੁੱਲ੍ਹੇ ਇਲਾਕਿਆਂ, ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਅਨੁਸਾਰ 23 ਜੂਨ ਤੱਕ ਅਜਿਹਾ ਮੌਸਮ ਬਣਿਆ ਰਹਿ ਸਕਦਾ ਹੈ। ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਨੇੜੇ ਸਰਗਰਮ ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਤਾਪਮਾਨ ਵੀ 40 ਡਿਗਰੀ ਸੈਲਸੀਅਸ ਤੋਂ ਹੇਠਾਂ ਬਣਿਆ ਹੋਇਆ ਹੈ।

ਉੱਥੇ ਹੀ, ਬਾਰਿਸ਼ ਦੇ ਅੰਕੜਿਆਂ ਮੁਤਾਬਕ 1 ਜੂਨ ਤੋਂ 20 ਜੂਨ 2026 ਤੱਕ ਪੰਜਾਬ ਵਿੱਚ ਆਮ ਨਾਲੋਂ 23 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੌਰਾਨ ਸੂਬੇ ਵਿੱਚ 21.8 ਮਿਲੀਮੀਟਰ ਬਾਰਿਸ਼ ਹੋਈ, ਜਦਕਿ ਆਮ ਤੌਰ ‘ਤੇ 28.2 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ। ਜ਼ਿਲ੍ਹਿਆਂ ਵਿੱਚ ਤਰਨਤਾਰਨ ਨੇ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ, ਜੋ ਆਮ ਪੱਧਰ ਨਾਲੋਂ 65 ਫੀਸਦੀ ਵੱਧ ਰਹੀ।