ਫਿਰੋਜ਼ਪੁਰ ( ਜਤਿੰਦਰ ਪਿੰਕਲ ) ਫ਼ਿਰੋਜ਼ਪੁਰ ਦੇ ਹੁਣ ਤੱਕ 107 ਦੇ ਕਰੀਬ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ। ਸਤਲੁਜ ਵਿਚ ਪਾਣੀ ਦਾ ਵਧਣਾ ਲਗਾਤਾਰ ਜਾਰੀ ਹੈ। ਪਿੰਡਾਂ ‘ਤੇ ਖ਼ਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਲੋਕਾਂ ਦੀ ਮਦਦ ਲਈ ਉਮੜ ਪਈਆਂ ਹਨ। ਅਜਿਹੇ ਵਿਚ ਕਲਾਕਾਰ ਭਾਈਚਾਰਾ ਵੀ ਲਗਾਤਾਰ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ। ਅੱਜ ਇਥੇ ਭਾਰੀ ਮਾਤਰਾ ਵਿਚ ਰਾਹਤ ਸਮੱਗਰੀ ਲੈਕੇ ਪੰਜਾਬੀ ਦੇ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਅਤੇ ਯੁੱਧਵੀਰ ਮਾਣਕ ਪੁੱਜੇ। ਓਹਨਾ ਵੱਲੋਂ ਪਿੰਡ ਚੂਹੜੀ ਵਾਲਾ ਵਿਖੇ ਸਾਰੇ ਘਰਾਂ ਵਾਸਤੇ ਪਸ਼ੂ ਲਈ ਫੀਡ, ਤਰਪਾਲਾਂ, ਰਸੋਈ ਦਾ ਰਾਸ਼ਨ, ਦਵਾਈਆਂ, ਆਦਿ ਪਿੰਡ ਵਾਸੀਆਂ ਨੂੰ ਵੰਡੀਆਂ। ਇੰਦਰਜੀਤ ਨਿੱਕੂ ਨੇ ਕਿਹਾ ਕਿ ਉਹ ਹਰ ਤਰ੍ਹਾਂ ਹੜ੍ਹ ਪੀੜਤਾਂ ਨਾਲ ਖੜ੍ਹੇ ਹਨ ਅਤੇ ਜੋ ਵੀ ਮਦਦ ਹੋਈ ਕਰਨ ਨੂੰ ਤਿਆਰ ਹਨ। ਓਹਨਾ ਕਿਹਾ ਕਿ ਅੱਜ ਹਰ ਪੰਜਾਬੀ ਆਪਣੇ ਭਰਾਵਾਂ ਦੇ ਨਾਲ ਖੜ੍ਹਾ ਹੈ। ਓਹਨਾ ਕਿਹਾ ਕਿ ਸਾਨੂੰ ਭਾਵੇਂ ਦੋ ਪ੍ਰਤੀਸ਼ਤ ਵਾਲੇ ਕਹਿੰਦੇ ਹਨ ਪਰ ਸਾਡੇ ਖੂਨ ਵਿਚ ਗੁਰਾਂ ਨੇ ਗੁੜ੍ਹਤੀ ਐਸੇ ਦਿੱਤੀ ਹੈ ਕਿ ਮੁਸੀਬਤਾਂ ਵੇਲੇ ਸਭ ਤੋਂ ਅੱਗੇ ਹੁੰਦੇ ਹਾਂ। ਓਹਨਾ ਕਿਹਾ ਕਿ ਉਹ ਲਗਾਤਾਰ ਹੜ੍ਹ ਪੀੜ੍ਹਤਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ। ਯੁੱਧਵੀਰ ਮਾਣਕ ਨੇ ਕਿਹਾ ਕਿ ਉਹ ਵੀ ਅੱਜ ਆਪਣੇ ਲੋਕਾਂ ਲਈ ਮਦਦ ਲਈ ਪੁੱਜੇ ਹਨ ਅਤੇ ਅੱਗੇ ਮਾਣਕ ਪਰਿਵਾਰ ਸੇਵਾ ਵਿਚ ਜੁੱਟਿਆ ਰਹੇਗਾ। ਇਸ ਮੌਕੇ ਤੇ ਇੰਦਰਜੀਤ ਨਿੱਕੂ ਟੀਮ 2 ਪ੍ਰਤਿਸ਼ਤ ਵਾਲੇ, ਯੁੱਧਵੀਰ ਮਾਣਕ, ਸ਼ਕਤੀ ਮਾਣਕ, ਮਨਦੀਪ ਮਾਨ, ਗੁਰਵਿੰਦਰ ਬਿੱਗ ਡਿਜੀਟਲ, ਜਸੂਰ, ਦਿਲਸ਼ੀਨ ਕੌਰ, ਆਲਿਆ ਸ਼ਰਮਾ, ਮਹਿਕ ਸ਼ਰਮਾ, ਹਰੂ, ਵੈਭਵ ਗੁਰਨਾਮ ਸਿੱਧੂ ਗਾਮਾ, ਜੋਗਿੰਦਰ ਮਾਣਕ, ਜਤਿੰਦਰ ਡਿੰਪਾ, ਹਰਚਰਨ ਸਾਮਾ, ਸੈਂਡੀ ਸ਼ਰਮਾ ਆਦਿ ਹਾਜ਼ਰ ਸਨ।