ਭਾਰਤ ਦੀ ਵੀਜ਼ਾ ਪ੍ਰਣਾਲੀ ’ਚ ਵੱਡਾ ਬਦਲਾਅ! ਵਿਦੇਸ਼ੀ ਨਾਗਰਿਕਾਂ ਨੂੰ ਮਿਲੇਗੀ ਵੱਡੀ ਰਾਹਤ, ਵੀਜ਼ਾ ਸ਼੍ਰੇਣੀਆਂ 13 ਤੋਂ ਘਟਾ ਕੇ 9 ਕੀਤੀਆਂ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) : ਕੇਂਦਰ ਸਰਕਾਰ ਨੇ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਸੁਵਿਧਾਜਨਕ ਬਣਾਉਣ ਲਈ ਵੱਡਾ ਫੈਸਲਾ ਲਿਆ ਹੈ। ਨਵੇਂ ਸੁਧਾਰਾਂ ਨਾਲ ਵਿਦੇਸ਼ੀ ਸੈਲਾਨੀਆਂ, ਮਰੀਜ਼ਾਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਨਿਵੇਸ਼ਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, 27 ਅਗਸਤ 2026 ਤੋਂ ਲਾਗੂ ਕੀਤੇ ਗਏ ਨਵੇਂ ਵੀਜ਼ਾ ਨਿਯਮਾਂ ਤਹਿਤ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਕਰ ਦਿੱਤੀ ਗਈ ਹੈ, ਜਦਕਿ ਉਪ-ਸ਼੍ਰੇਣੀਆਂ 49 ਤੋਂ ਘਟਾ ਕੇ 23 ਕਰ ਦਿੱਤੀਆਂ ਗਈਆਂ ਹਨ।

ਟੂਰਿਸਟ ਵੀਜ਼ੇ ਦਾ ਨਾਮ ਬਦਲ ਕੇ ਕੀਤਾ ਵਿਜ਼ਟਰ ਵੀਜ਼ਾ

ਨਵੇਂ ਨਿਯਮਾਂ ਤਹਿਤ ਟੂਰਿਸਟ ਵੀਜ਼ੇ ਦਾ ਨਾਮ ਬਦਲ ਕੇ ਵਿਜ਼ਟਰ ਵੀਜ਼ਾ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਸ ਨਾਲ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਪ੍ਰਣਾਲੀ ਨੂੰ ਸਮਝਣਾ ਅਤੇ ਅਰਜ਼ੀ ਦੇਣਾ ਆਸਾਨ ਹੋਵੇਗਾ।

ਵੀਜ਼ਾ ਅਰਜ਼ੀ ਫਾਰਮ ਵਿੱਚ ਵੀ ਵੱਡੀ ਕਟੌਤੀ

ਸਰਕਾਰ ਨੇ ਵੀਜ਼ਾ ਅਰਜ਼ੀ ਫਾਰਮ ਵਿੱਚ ਭਰੇ ਜਾਣ ਵਾਲੇ ਕਾਲਮਾਂ ਦੀ ਗਿਣਤੀ ਵੀ 65 ਤੋਂ 70 ਫੀਸਦੀ ਤੱਕ ਘਟਾ ਦਿੱਤੀ ਹੈ। ਇਸ ਨਾਲ ਬਿਨੈਕਾਰਾਂ ਨੂੰ ਘੱਟ ਜਾਣਕਾਰੀ ਭਰਨੀ ਪਵੇਗੀ ਅਤੇ ਅਰਜ਼ੀ ਪ੍ਰਕਿਰਿਆ ਪਹਿਲਾਂ ਨਾਲੋਂ ਤੇਜ਼ ਹੋਣ ਦੀ ਉਮੀਦ ਹੈ।

ਮੈਡੀਕਲ ਵੀਜ਼ਾ ਦੀਆਂ ਦੋ ਵੱਖਰੀਆਂ ਸ਼੍ਰੇਣੀਆਂ

ਮੈਡੀਕਲ ਵੀਜ਼ਾ ਨੂੰ ਆਮ ਇਲਾਜ ਅਤੇ ਆਯੂਸ਼ ਇਲਾਜ ਲਈ ਵੱਖ-ਵੱਖ ਕਰ ਦਿੱਤਾ ਗਿਆ ਹੈ। ਆਮ ਇਲਾਜ ਲਈ ਐਮ-1 ਅਤੇ ਆਯੂਸ਼ ਇਲਾਜ ਲਈ ਐਮ-3 ਵੀਜ਼ਾ ਜਾਰੀ ਕੀਤਾ ਜਾਵੇਗਾ। ਦੋਵੇਂ ਵੀਜ਼ੇ ਇੱਕ ਸਾਲ ਲਈ ਹੋਣਗੇ ਅਤੇ ਇਨ੍ਹਾਂ ਰਾਹੀਂ ਕਈ ਵਾਰ ਭਾਰਤ ਆਉਣ ਦੀ ਸਹੂਲਤ ਮਿਲੇਗੀ। ਮਰੀਜ਼ਾਂ ਦੇ ਨਾਲ ਆਉਣ ਵਾਲੇ ਸਹਾਇਕਾਂ ਲਈ ਐਮ-2 ਅਤੇ ਐਮ-4 ਵੀਜ਼ੇ ਦੀ ਵਿਵਸਥਾ ਕੀਤੀ ਗਈ ਹੈ।

ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਵੀ ਨਵੀਂ ਵਿਵਸਥਾ

ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਨੂੰ ਐਸ-1 ਅਤੇ ਐਸ-2 ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਐਸ-1 ਵੀਜ਼ਾ ਸਕੂਲ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਹੋਵੇਗਾ, ਜਦਕਿ ਐਸ-2 ਵੀਜ਼ਾ ਪੀਐਚਡੀ, ਖੋਜ, ਇੰਟਰਨਸ਼ਿਪ ਅਤੇ ਐਕਸਚੇਂਜ ਪ੍ਰੋਗਰਾਮਾਂ ਲਈ ਜਾਰੀ ਕੀਤਾ ਜਾਵੇਗਾ।

ਇਸੇ ਤਰ੍ਹਾਂ ਕਾਰੋਬਾਰੀ ਵੀਜ਼ੇ ਨੂੰ ਵੀ ਬੀ-1 ਅਤੇ ਬੀ-2 ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਹੋਰ ਆਸਾਨ ਅਤੇ ਸੁਚਾਰੂ ਬਣਨ ਦੀ ਉਮੀਦ ਹੈ।