ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿਚ ‘ਬੰਧਕ’ ਬਣਾਏ ਗਏ ਮੱਛੀ ਫੜਨ ਵਾਲੇ ਈਰਾਨੀ ਬੇੜੇ “ਅਲ-ਕੰਬਰ” ਅਤੇ ਇਸ ਦੇ ਚਾਲਕ ਦਲ ਦੇ ਮੈਂਬਰਾਂ ਵਜੋਂ ਸੇਵਾ ਕਰ ਰਹੇ 23 ਪਾਕਿਸਤਾਨੀ ਨਾਗਰਿਕਾਂ ਨੂੰ ਛੁਡਾ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਸਮੁੰਦਰੀ ਲੁਟੇਰਿਆਂ ਵਿਰੁਧ 12 ਘੰਟਿਆਂ ਤੋਂ ਵੱਧ ਸਮੇਂ ਤਕ ਚੱਲੇ ਇਕ ਅਪਰੇਸ਼ਨ ਤੋਂ ਬਾਅਦ ਬਚਾਇਆ ਗਿਆ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਜਲ ਸੈਨਾ ਦੇ ਬੁਲਾਰੇ ਵਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਭਾਰਤੀ ਜਲ ਸੈਨਾ ਦੀਆਂ ਮਾਹਿਰ ਟੀਮਾਂ ਮੱਛੀਆਂ ਫੜਨ ਵਾਲੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਮੱਛੀਆਂ ਫੜਨ ਦੇ ਕੰਮ ਨੂੰ ਮੁੜ ਸ਼ੁਰੂ ਕਰਨ ਲਈ ਇਸ ਨੂੰ ਸੁਰੱਖਿਅਤ ਖੇਤਰ ਵਿਚ ਲਿਜਾਇਆ ਜਾ ਸਕੇ।
ਬਿਆਨ ਵਿਚ ਕਿਹਾ ਗਿਆ ਹੈ, “ਭਾਰਤੀ ਜਲ ਸੈਨਾ ਖੇਤਰ ਵਿਚ ਸਮੁੰਦਰੀ ਸੁਰੱਖਿਆ ਅਤੇ ਮਲਾਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।”
ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਕਿਹਾ ਕਿ ਉਹ ਇਕ ਹਾਈਜੈਕ ਕੀਤੇ ਗਏ ਮੱਛੀ ਫੜਨ ਵਾਲੇ ਬੇੜੇ ਨੂੰ ਬਚਾਉਣ ਲਈ ਇਕ ਅਭਿਆਨ ਵਿਚ ਰੁੱਝੀ ਹੋਈ ਸੀ ਜਿਸ ਵਿਚ ਕਥਿਤ ਤੌਰ ‘ਤੇ ਨੌਂ ਹਥਿਆਰਬੰਦ ਸਮੁੰਦਰੀ ਡਾਕੂ ਅਤੇ ਉਸਦੇ ਚਾਲਕ ਦਲ ਸਵਾਰ ਸਨ।
ਜਲ ਸੈਨਾ ਦੇ ਬੁਲਾਰੇ ਦੁਆਰਾ ਸਾਂਝੇ ਕੀਤੇ ਗਏ ਅਧਿਕਾਰਤ ਬਿਆਨ ਦੇ ਅਨੁਸਾਰ, ਈਰਾਨੀ ਮੱਛੀ ਫੜਨ ਵਾਲੇ ਬੇੜੇ ‘ਅਲ ਕੰਬਰ 786’ ‘ਤੇ “ਸੰਭਾਵੀ ਸਮੁੰਦਰੀ ਡਾਕੂਆਂ ਦੇ ਹਮਲੇ” ਬਾਰੇ ਵੀਰਵਾਰ ਦੇਰ ਸ਼ਾਮ ਸੂਚਨਾ ਮਿਲਣ ਤੋਂ ਬਾਅਦ ਦੋ ਭਾਰਤੀ ਜਲ ਸੈਨਾ ਦੇ ਮਲਾਹ ਉੱਥੇ ਪਹੁੰਚੇ।