Skip to content
ਜਲੰਧਰ( ਪਰਮਜੀਤ ਸਿੰਘ ਨੈਨਾ ) : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਜਲੰਧਰ ਵਿਖੇ ਮੀਰੀ ਪੀਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 430ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਸ਼ਰਧਾਲੂ ਪ੍ਰਵਾਰਾਂ ਵਲੋਂ ਕੀਤੇ ਗਏ ਸਹਿਜ ਪਾਠਾਂ ਦੇ ਭੋਗ ਸੰਗਤੀ ਰੂਪ ਵਿਚ ਪਾਏ ਗਏ। ਸਮੂਹ ਸੰਗਤ ਨੇ ਬੜੇ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਨੌਵੇਂ ਮਹਲੇ ਦੇ ਸਲੋਕਾਂ ਦਾ ਪਾਠ ਕੀਤਾ। ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਰੂਪ ਦੇ ਜੱਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਜੀ ਨੇ ਜੱਥੇ ਦਾ ਧੰਨਵਾਦ ਕੀਤਾ ਅਤੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਹੋਰ ਦੱਸਿਆ ਕਿ ਪਿਛਲੇ ਲਗਪਗ 45 ਦਿਨਾਂ ਤੋਂ ਜੋ ਦੀਵਾਨਾਂ ਦੀ ਲੜੀ ਆਰੰਭ ਹੋਈ, ਅੱਜ 12 ਜੂਨ ਪ੍ਰਕਾਸ਼ ਪੁਰਬ ਦੇ ਆਖਰੀ ਦਿਨ ਦੇ ਦੀਵਾਨ ਜੋ ਕਿ ਤਿੰਨੇ ਟਾਈਮ ਸਵੇਰੇ ਦੁਪਹਿਰ ਅਤੇ ਰਾਤ ਨੂੰ ਸਜਾਏ ਗਏ। ਪੂਰੇ ਦੀਵਾਨ ਹਾਲ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਅਤੇ ਸੰਗਤਾਂ ਦੀ ਇਕਾਗਰਤਾ ਬੇਮਿਸਾਲ ਸੀ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਲੰਬੀਆਂ ਲਾਈਨਾਂ ਲਗਾ ਕੇ ਗੁਰੂ ਅਸਥਾਨ ਤੇ ਆਪਣੀ ਆਸਥਾ ਪ੍ਰਗਟ ਅਤੇ ਨਤਮਸਤਕ ਹੋਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ। ਸੰਗਤਾਂ ਵਲੋਂ ਬੇਅੰਤ ਪ੍ਰਸ਼ਾਦ ਅਤੇ ਭੇਟਾਵਾਂ ਗੁਰੂ ਅਸਥਾਨ ਤੇ ਅਰਪਣ ਕਰ ਕੇ ਗੁਰੂ ਦੀ ਅਸੀਸ ਪ੍ਰਾਪਤ ਕੀਤੀ ਗਈ। ਕੀਰਤਨ ਦੀ ਸਮਾਪਤੀ ਉਪਰੰਤ ਇਕ ਪਾਸੇ ਗੁਰੂ ਕੇ ਲੰਗਰ ਅਤੇ ਬੇਅੰਤ ਮਿਠਾਈ ਪ੍ਰਸ਼ਾਦਿ ਵਰਤਾਏ ਜਾ ਰਹੇ ਸਨ ਅਤੇ ਦੂਜੇ ਪਾਸੇ ਬੈਂਡ ਵਾਜਿਆਂ ਦੀ ਧੁੰਨੀ ਨਾਲ ਸ਼ਬਦ ਗਾਇਨ ਕਰਦੇ ਹੋਏ ਨਿਸ਼ਾਨ ਸਾਹਿਬ ਨੂੰ ਨਵੇਂ ਚੋਲਾ ਸਾਹਿਬ ਚੜ੍ਹਾਏ ਜਾ ਰਹੇ ਸਨ।
ਸੰਗਤਾਂ ਗੁਰਬਾਣੀ ਦੇ ਰੰਗ ਵਿੱਚ ਰੱਤੀਆਂ ਹੋਈਆਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਵਾਤਾਵਰਨ ਵਿੱਚ ਇਕ ਅਜੀਬ ਮਿਠਾਸ ਘੋਲ ਰਹੀਆਂ ਸਨ। ਉਪਰੰਤ ਖੁਲ੍ਹੇ ਪੰਡਾਲ ਵਿੱਚ ਸਜਾਏ ਗਏ ਦੁਪਹਿਰ ਦੇ ਦੀਵਾਨ ਵਿਚ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਗਿਆਨੀ ਮਹਿੰਦਰਪਾਲ ਸਿੰਘ ਅਤੇ ਸ਼ੀਤਲ ਸਿੰਘ ਦੇ ਜੱਥਿਆਂ ਤੋਂ ਇਲਾਵਾ ਭਾਈ ਬ੍ਰਹਮਜੋਤ ਸਿੰਘ ਦੇ ਜੱਥੇ ਨੇ ਕੀਰਤਨ ਦੀ ਛਹਿਬਰ ਲਗਾਈ। ਉਪਰੰਤ ਗਿਆਨੀ ਗੁਰਪ੍ਰਤਾਪ ਸਿੰਘ ਸੁੱਗਾ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਦੁਆਰਾ ਅਤੇ ਭਾਈ ਅਰਵਿੰਦਰ ਸਿੰਘ ਧਾਮੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜੱਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗੁਰੂ ਹਰਿਗੋਬਿੰਦ ਹਸਪਤਾਲ ਕਮੇਟੀ ਦੇ ਵਾਇਸ ਚੇਅਰਮੈਨ ਹਰਜੀਤ ਸਿੰਘ ਐਡਵੋਕੇਟ ਨੇ ਸੰਗਤਾਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਿਆਂ ਹਸਪਤਾਲ ਵਲੋਂ ਲੋੜਵੰਦ ਮਰੀਜ਼ਾਂ ਲਈ ਕੀਤੇ ਕੰਮਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਨੇ ਵੀ ਪ੍ਰਕਾਸ਼ ਪੁਰਬ ਦੇ ਸਮੁੱਚੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ, ਰਾਗੀ ਜੱਥਿਆਂ, ਕਵੀਆਂ, ਢਾਡੀ ਜੱਥਿਆਂ ਅਤੇ ਪ੍ਰਚਾਰਕਾਂ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਜੀ ਨੇ ਹੋਰ ਕਿਹਾ ਕਿ ਗੁਰੂ ਸਾਹਿਬਾਨ ਦੇ ਪੁਰਬ ਅਤੇ ਧਾਰਮਿਕ ਸਮਾਗਮ ਮਨਾਉਣੇ ਤਾਂ ਹੀ ਸਫ਼ਲੇ ਹੋ ਸਕਦੇ ਹਨ ਜੇਕਰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਗੁਰੂ ਦੇ ਕਹਿਣ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ। ਗੁਰਬਾਣੀ ਦਾ ਸਹਿਜ ਪਾਠ ਕਰੀਏ ਅਤੇ ਨਿਮਰਤਾ ‘ਚ ਰਹਿ ਕੇ ਪਿਆਰ ਵੰਡੀਏ ਅਤੇ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਨ ਨੂੰ ਤਰਜੀਹ ਦਈਏ। ਇਸਤਰੀ ਸਤਿਸੰਗ ਸਭਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ 40 ਦਿਨਾਂ ਤੋਂ ਵੱਧ ਸਮਾਂ ਸ਼ਾਮ ਦੇ ਦੀਵਾਨ ਸਜਾ ਕੇ ਗੁਰੂ ਜੱਸ ਗਾਇਨ ਕੀਤਾ ਅਤੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਨੂੰ ਦੂਣ ਸਵਾਇਆ ਕੀਤਾ। ਇਸਤਰੀ ਸਭਾ ਦੀ ਪ੍ਰਧਾਨ ਬੀਬੀ ਮਹਿੰਦਰ ਕੌਰ ਕਾਲੜਾ ਨੇ ਸਭਾ ਦੇ ਫੰਡ ਵਿੱਚੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਲੱਖ ਰੁਪਏ ਦੀ ਸੇਵਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਦਿਤੀ ਅਤੇ ਨਾਲ ਹੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇੰਗਲੈਂਡ ਤੋਂ ਵਿਦਵਾਨ ਲਿਖਾਰੀ ਗਿਆਨੀ ਰਣਧੀਰ ਸਿੰਘ ਸੰਭਲ ਜੀ ਨੇ ਵੀ ਪ੍ਰਕਾਸ਼ ਪੁਰਬ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਜੀ ਦੇ ਨਾਲ਼ ਨਾਲ ਬੇਅੰਤ ਸਿੰਘ ਸਰਹੱਦੀ ਜੀ ਦੀ ਯੋਗ ਅਗਵਾਈ ਵਿੱਚ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਧਰਮ ਪ੍ਰਚਾਰ ਦੇ ਵਿਚ ਅਹਿਮ ਯੋਗਦਾਨ ਪਾਉਂਦਾ ਹੋਇਆ ਬੁਲੰਦੀਆਂ ਨੂੰ ਛੂਹ ਰਿਹਾ ਹੈ। ਗੁਰਪੁਰਬ ਦੇ ਸਾਰੇ ਪ੍ਰੋਗਰਾਮਾਂ ਵਿੱਚ ਲੰਗਰ ਬਨਾਉਣ ਦੀ ਸੇਵਾ ਗੁਰਚਰਨ ਸਿੰਘ ਗੁਲਾਟੀ, ਕੰਵਲਜੀਤ ਸਿੰਘ ਜੇਤੀਆ ਅਤੇ ਨਿਰਵੈਰ ਸੇਵਾ ਸੁਸਾਇਟੀ ਵਲੋਂ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ। ਸੰਗਤਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਸਮੁੱਚੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਅਤੇ ਜਸਮੀਤ ਸਿੰਘ ਦੀ ਦੇਖ ਰੇਖ ਹੇਠ ਸਿੱਖ ਐਜੂਕੇਸ਼ਨ ਵੈਲਫੇਅਰ ਅਕੈਡਮੀ ਵਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ। ਜੋੜਿਆਂ ਦੀ ਸੇਵਾ ਦਲਜੀਤ ਸਿੰਘ ਬੇਦੀ ਅਤੇ ਹਰਪ੍ਰੀਤ ਸਿੰਘ ਦੀ ਦੇਖ ਰੇਖ ਵਿੱਚ ਗੁਰਮੁੱਖ ਸੇਵਕ ਦਲ ਨੇ ਕੀਤੀ ਅਤੇ ਇਸ ਦੇ ਨਾਲ ਹੀ ਤਕਰੀਬਨ 40 ਦਿਨਾਂ ਤੋਂ ਵੱਧ ਸਮਾਂ ਸਮੁੱਚੇ ਪ੍ਰੋਗਰਾਮਾਂ ਨੂੰ ਦੇਸ਼ ਵਿਦੇਸ਼ ਵਿੱਚ ਲਾਈਵ ਟੈਲੀਕਾਸਟ ਕਰਨ ਦੀ ਨਿਸ਼ਕਾਮ ਸੇਵਾ ਗੁਰਦੁਆਰਾ ਸਾਹਿਬ ਦੇ ਇਲੈਕਟ੍ਰਾਨਿਕ ਮੀਡੀਆ ਇੰਚਾਰਜ ਸ੍ਰ ਅਮਰਜੀਤ ਸਿੰਘ ਭਾਟੀਆ ਨੇ ਨਿਭਾਈ। ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਧਾਰਮਿਕ ਜੱਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਨੇ ਸ਼ਮੂਲੀਅਤ ਕਰਕੇ ਪ੍ਰਕਾਸ਼ ਪੂਰਬ ਦੀ ਰੌਣਕਾਂ ਦਾ ਅਨੰਦ ਮਾਣਿਆ। ਸੰਗਤ ਵਿੱਚ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਤੋਂ ਇਲਾਵਾ ਸ੍ਰ ਬੇਅੰਤ ਸਿੰਘ ਸਰਹੱਦੀ, ਹਸਪਤਾਲ ਕਮੇਟੀ ਦੇ ਚੇਅਰਮੈਨ ਸ੍ਰ ਸੁਰਜੀਤ ਸਿੰਘ ਚੀਮਾ, ਸਰਪ੍ਰਸਤ ਸ੍ਰ ਜਸਵਿੰਦਰ ਸਿੰਘ ਮੱਕੜ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਕੋਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਦਵਿੰਦਰ ਸਿੰਘ ਰਹੇਜਾ, ਕੁਲਵੰਤਬੀਰ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਬਲਵਿੰਦਰ ਸਿੰਘ ਸਰਾਫ, ਗਿਆਨੀ ਗੁਰਮੀਤ ਸਿੰਘ, ਇੰਦਰਪਾਲ ਸਿੰਘ ਸਕੱਤਰ, ਬਲਵਿੰਦਰ ਸਿੰਘ ਹੇਅਰ, ਇੰਦਰਪਾਲ ਸਿੰਘ ਅਰੋੜਾ, ਜਗਜੀਤ ਸਿੰਘ ਕੈਸ਼ੀਅਰ , ਸ਼ਿਵਕੰਵਰ ਸਿੰਘ ਸੰਧੂ, ਪਰਮਜੀਤ ਸਿੰਘ ਨੈਨਾ, ਪਰਮਜੀਤ ਸਿੰਘ ਹੀਰਾ ਭਾਟੀਆ, ਸੁਖਵਿੰਦਰ ਸਿੰਘ ਟੋਨੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਅਮਰਜੀਤ ਸਿੰਘ ਭਾਟੀਆ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਜੋਗਿੰਦਰ ਸਿੰਘ ਬਵੇਜਾ, ਗੁਰਦੀਪ ਸਿੰਘ ਬਵੇਜਾ, ਹਰਸਿਮਰਨਜੀਤ ਸਿੰਘ ਮੱਕੜ, ਹਰਬੰਸ ਸਿੰਘ ਫੋਨ ਵਿਭਾਗ, ਅੰਮ੍ਰਿਤਪਾਲ ਸਿੰਘ ਸੁਪ੍ਰਿੰਟੈਂਡੈਂਟ, ਮਹਿੰਦਰ ਸਿੰਘ ਲੱਕੀ ਬਵੇਜਾ, ਜਸਬੀਰ ਸਿੰਘ ਸੇਠੀ, ਗੁਰਪ੍ਰੀਤ ਸਿੰਘ ਆਦਿ ਪਤਵੰਤੇ ਹਾਜਰ ਸਨ।
Related