ਜਲੰਧਰ ਵਿੱਚ ਨਸ਼ੇ ਕਾਰਨ ਉੱਜੜੇ ਪਰਿਵਾਰਾਂ ਨੇ ਸੁਣਾਈ ਦਰਦਨਾਕ ਦਾਸਤਾਨ                                                                                                                                                  ਜਲੰਧਰ, 28 ਸਤੰਬਰ (ਨਵੀਨ ਪੁਰੀ): ਜਲੰਧਰ ਵਿੱਚ ਨਸ਼ੇ ਕਾਰਨ ਉੱਜੜੇ ਪਰਿਵਾਰਾਂ ਨੇ ਆਪਣਾ ਦਰਦ ਮੀਡੀਆ ਦੇ ਸਾਹਮਣੇ ਸਾਂਝਾ ਕਰਦਿਆਂ ਪੰਜਾਬ ਵਿੱਚ ਨਸ਼ੇ ਦੀ ਗੰਭੀਰ ਸਮੱਸਿਆ ਨੂੰ ਬਿਆਨ ਕੀਤਾ। ਇਸ ਮੌਕੇ ਕਈ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਨਸ਼ੇ ਨੇ ਉਨ੍ਹਾਂ ਦੇ ਘਰ-ਪਰਿਵਾਰ ਅਤੇ ਆਰਥਿਕ ਹਾਲਾਤ ਤੱਕ ਬਰਬਾਦ ਕਰ ਦਿੱਤੇ ਹਨ।

ਬਿਲਗਾ ਵਾਸੀ ਰਮੇਸ਼ ਨੇ ਆਪਣੀ ਦੁਖਦਾਈ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਨਸ਼ੇ ਕਾਰਨ ਉਸ ਦੇ ਦੋ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਪਤਨੀ ਵੀ ਇਸ ਦੁਨੀਆ ਵਿੱਚ ਨਹੀਂ ਰਹੀ। ਉਸ ਨੇ ਦੱਸਿਆ ਕਿ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ ਅਤੇ ਹੁਣ ਉਹ ਗੁਰਦੁਆਰਾ ਸਾਹਿਬ ਵਿੱਚ ਰਾਤਾਂ ਕੱਟਣ ਲਈ ਮਜਬੂਰ ਹੈ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਅੰਤਿਮ ਰਸਮ ਕੌਣ ਕਰੇਗਾ।

    ਤਿਲਕ ਨਗਰ ਦੀ ਰਹਿਣ ਵਾਲੀ ਸਤਿਆ ਦੇਵੀ ਨੇ ਦੱਸਿਆ ਕਿ ਨਸ਼ੇ ਕਾਰਨ ਉਸ ਦੇ ਵੀ ਦੋ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ। ਪੁੱਤਰਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਵੀ ਘਰ ਛੱਡ ਕੇ ਚਲੇ ਗਏ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਜਿਸ ਤਰ੍ਹਾਂ ਉਸ ਦਾ ਪਰਿਵਾਰ ਉੱਜੜਿਆ ਹੈ, ਉਸੇ ਤਰ੍ਹਾਂ ਕਿਸੇ ਹੋਰ ਮਾਂ ਦਾ ਘਰ ਵੀ ਉੱਜੜੇ। ਉਸ ਨੇ ਨਸ਼ੇ ਦੀ ਸਪਲਾਈ ‘ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਮੰਗ ਕੀਤੀ।

    ਇਸੇ ਤਰ੍ਹਾਂ ਪੁਸ਼ਪਾ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦੀ ਲਤ ਦਾ ਸ਼ਿਕਾਰ ਹੈ। ਉਸ ਨੇ ਪੁੱਤਰ ਨੂੰ ਇਲਾਜ ਲਈ ਪੁਲਿਸ ਦੇ ਹਵਾਲੇ ਕੀਤਾ ਸੀ ਅਤੇ ਇਸ ਸਮੇਂ ਉਹ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਸ ਨੂੰ ਟੀਬੀ ਦੀ ਬਿਮਾਰੀ ਵੀ ਹੋ ਗਈ ਹੈ। ਪੁਸ਼ਪਾ ਨੇ ਕਿਹਾ ਕਿ ਉਸ ਨੂੰ ਕਿਸੇ ਜਾਇਦਾਦ ਜਾਂ ਪੈਸੇ ਦੀ ਲੋੜ ਨਹੀਂ, ਸਗੋਂ ਉਹ ਸਿਰਫ਼ ਆਪਣੇ ਪੁੱਤਰ ਨੂੰ ਠੀਕ ਦੇਖਣਾ ਚਾਹੁੰਦੀ ਹੈ।

    ਬਿਲਗਾ ਦੀ ਦੇਬੋ ਨੇ ਦੱਸਿਆ ਕਿ ਉਸ ਦਾ ਪੁੱਤਰ ਵੀ ਨਸ਼ੇ ਦੀ ਲਪੇਟ ਵਿੱਚ ਆ ਗਿਆ ਸੀ ਅਤੇ ਆਖ਼ਰਕਾਰ ਉਸ ਦੀ ਮੌਤ ਹੋ ਗਈ। ਪੁੱਤਰ ਦੀ ਮੌਤ ਤੋਂ ਬਾਅਦ ਉਸ ਦੀ ਨੂੰਹ ਵੀ ਘਰ ਛੱਡ ਕੇ ਚਲੀ ਗਈ। ਉਸ ਨੇ ਕਿਹਾ ਕਿ ਨਸ਼ੇ ਨੇ ਉਸ ਦਾ ਪੂਰਾ ਪਰਿਵਾਰ ਉੱਜਾੜ ਦਿੱਤਾ ਹੈ।

    ਗਿਆਨ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਰਵੀ ਕੁਮਾਰ ਨੇ ਹੌਲੀ-ਹੌਲੀ ਘਰ ਦੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਪਤੀ ਵੀ ਸ਼ਰਾਬ ਦੀ ਲਤ ਦੇ ਸ਼ਿਕਾਰ ਸਨ ਅਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਹੁਣ ਉਹ ਇਕੱਲੀ ਰਹਿ ਰਹੀ ਹੈ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਅੱਗੇ ਜ਼ਿੰਦਗੀ ਕਿਵੇਂ ਬਿਤਾਉਣੀ ਹੈ।

    ਇਸ ਦੌਰਾਨ ਸ਼ਮਾ ਨੇ ਦੱਸਿਆ ਕਿ ਉਸ ਦਾ ਪੁੱਤਰ ਵੰਸ਼ ਚਿੱਟੇ ਦੇ ਨਸ਼ੇ ਦਾ ਆਦੀ ਹੈ। ਉਸ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਰਿਵਾਰ ਚਲਾਉਂਦੀ ਹੈ, ਜਦਕਿ ਉਸ ਦਾ ਪੁੱਤਰ ਨਸ਼ੇ ‘ਤੇ ਹਰ ਰੋਜ਼ ਵੱਡੀ ਰਕਮ ਖਰਚ ਕਰਦਾ ਰਿਹਾ ਹੈ। ਉਸ ਨੇ ਨਸ਼ੇ ਦੀ ਸਪਲਾਈ ਰੋਕਣ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ।

    ਇਨ੍ਹਾਂ ਪੀੜਤ ਪਰਿਵਾਰਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦਾ ਦਰਦ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਸ਼ਾ ਬੰਦ ਕਰਨ ਦੀ ਬਜਾਏ ਨਸ਼ੇ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਢਿੱਲੋਂ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਸਿਰਫ਼ ਸਿਆਸੀ ਯਾਤਰਾ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਲੋਕਾਂ ਦੀ ਆਵਾਜ਼ ਅਤੇ ਜਨ ਅੰਦੋਲਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਉੱਜੜੇ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਨੌਜਵਾਨਾਂ ਦੇ ਇਲਾਜ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

    ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ 18 ਸਤੰਬਰ ਤੋਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਕੱਢੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਸਮਾਪਤੀ ਸਮਾਗਮ 30 ਸਤੰਬਰ ਨੂੰ ਜਲੰਧਰ ਵਿੱਚ ਹੋਵੇਗਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਦੀ ਗੱਲ ਵੀ ਉਨ੍ਹਾਂ ਵੱਲੋਂ ਕਹੀ ਗਈ।

    ਇਸ ਮੌਕੇ ਭਾਜਪਾ ਦੇ ਸਟੇਟ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਵੀ ਮੌਜੂਦ ਸਨ। ਪੀੜਤ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਸ਼ੇ ਦੀ ਸਪਲਾਈ ‘ਤੇ ਰੋਕ ਲਗਾਉਣ, ਨਸ਼ਾ ਪੀੜਤਾਂ ਦੇ ਇਲਾਜ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ।