
Skip to content

ਗੁਜਰਾਤ-ਮੱਧ ਪ੍ਰਦੇਸ਼ ‘ਚ ਜੈਸ਼-ਏ-ਮੁਹੰਮਦ ਨਾਲ ਜੁੜੇ 8 ਸ਼ੱਕੀ ਗ੍ਰਿਫ਼ਤਾਰ, ATS ਨੇ UAPA ਤਹਿਤ ਦਰਜ ਕੀਤਾ ਕੇਸ
ਅਹਿਮਦਾਬਾਦ (ਅਰਸ਼ਦੀਪ ਸਿੰਘ ਕਾਲੜਾ) :- ਗੁਜਰਾਤ ਏਟੀਐਸ ਨੇ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (JeM) ਨਾਲ ਕਥਿਤ ਤੌਰ ‘ਤੇ ਜੁੜੇ 8 ਸ਼ੱਕੀਆਂ ਨੂੰ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਦੇ ਅਨੁਸਾਰ, ਇਹ ਮੁਲਜ਼ਮ ਗੁਜਰਾਤ ਵਿੱਚ ਜੈਸ਼-ਏ-ਮੁਹੰਮਦ ਦਾ ਸਰਗਰਮ ਨੈੱਟਵਰਕ ਖੜ੍ਹਾ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਗੁਜਰਾਤ ਏਟੀਐਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਸਾਰੇ 8 ਮੁਲਜ਼ਮਾਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ (UAPA) ਦੀਆਂ ਧਾਰਾਵਾਂ 13, 17, 18, 38 ਅਤੇ 39 ਦੇ ਨਾਲ-ਨਾਲ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 148 ਅਤੇ 61 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਹਿਮਦ, ਇਬਰਾਹੀਮ, ਮੁਦੱਸਿਰ, ਜ਼ਕਰੀਆ ਦੁਰਾਨੀ, ਮੁਫ਼ਤੀ ਫੌਜਾਨ, ਮੁਹੰਮਦ ਅਮੀਨ ਸ਼ੇਰਾ, ਮੁਹੰਮਦ ਅਬਦੁਲ ਅਤੇ ਬਿਲਾਲ ਮੁਹੰਮਦ ਵਜੋਂ ਹੋਈ ਹੈ।
ਏਟੀਐਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦੇ ਸੰਪਰਕ ਕਿਹੜੇ-ਕਿਹੜੇ ਲੋਕਾਂ ਨਾਲ ਸਨ ਅਤੇ ਨੈੱਟਵਰਕ ਦਾ ਦਾਇਰਾ ਕਿੰਨਾ ਵੱਡਾ ਸੀ।

Related