ਚੀਨੀ ਐਪ ਰਾਹੀਂ ਈ-ਰਿਕਸ਼ਾ ਰਿਮੋਟਲੀ ਬੰਦ ਕਰਨ ਦਾ ਮਾਮਲਾ, ਸਰਕਾਰ ਹੋਈ ਸਖ਼ਤ; 2 ਐਪਾਂ ਐਪ ਸਟੋਰਾਂ ਤੋਂ ਹਟਾਈਆਂ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ)  :- ਚੀਨੀ ਸਮਾਰਟਫੋਨ ਐਪ “BAT-BMS” ਦੀ ਮਦਦ ਨਾਲ ਈ-ਰਿਕਸ਼ਾ ਨੂੰ ਰਿਮੋਟਲੀ ਬੰਦ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ। ਸਰਕਾਰ ਨੇ ਦੱਸਿਆ ਕਿ ਉਸ ਨੂੰ ਅਜਿਹੀਆਂ ਦੋ ਐਪਾਂ ਬਾਰੇ ਜਾਣਕਾਰੀ ਮਿਲੀ ਸੀ, ਜਿਨ੍ਹਾਂ ਨੂੰ ਹੁਣ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ।

ਸੂਚਨਾ ਤਕਨਾਲੋਜੀ (ਆਈ.ਟੀ.) ਸਕੱਤਰ ਐਸ. ਕ੍ਰਿਸ਼ਨਨ ਨੇ ਕਿਹਾ ਕਿ ਐਪ ਸਟੋਰਾਂ ਨੂੰ ਇਸ ਤਰ੍ਹਾਂ ਦੀਆਂ ਐਪਾਂ ਨੂੰ ਲੈ ਕੇ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐਪ ਸਟੋਰਾਂ ਨਾਲ ਇਹ ਮਾਮਲਾ ਉਠਾਏਗੀ ਤਾਂ ਜੋ ਭਵਿੱਖ ਵਿੱਚ ਸੰਭਾਵੀ ਤੌਰ ‘ਤੇ ਨੁਕਸਾਨਦੇਹ ਐਪਸ ਲੋਕਾਂ ਲਈ ਉਪਲਬਧ ਨਾ ਹੋਣ।

ਭਾਰਤੀ ਉਦਯੋਗ ਸੰਘ (CII) ਦੀ ਸਾਈਬਰ ਸੁਰੱਖਿਆ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ. ਕ੍ਰਿਸ਼ਨਨ ਨੇ ਕਿਹਾ, “ਸਾਨੂੰ ਦੋ ਅਜਿਹੀਆਂ ਐਪਾਂ ਬਾਰੇ ਜਾਣਕਾਰੀ ਮਿਲੀ ਸੀ ਅਤੇ ਦੋਵਾਂ ਨੂੰ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ।”

ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਈ-ਰਿਕਸ਼ਾ ਚੀਨੀ ਐਪ “BAT-BMS” ਦੀ “ਰਿਮੋਟ ਸ਼ਟਡਾਊਨ” (Remote Shutdown) ਵਿਸ਼ੇਸ਼ਤਾ ਰਾਹੀਂ ਬੰਦ ਕਰ ਦਿੱਤੇ ਗਏ। ਇਸ ਨਾਲ ਜੁੜੀਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਜਿਸ ਤੋਂ ਬਾਅਦ ਇੰਟਰਨੈੱਟ ਨਾਲ ਜੁੜੇ ਵਾਹਨ ਪ੍ਰਬੰਧਨ ਸਿਸਟਮਾਂ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਡਿਜ਼ਿਟਲ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਐਪਾਂ ਖ਼ਿਲਾਫ਼ ਲੋੜੀਂਦੀ ਕਾਰਵਾਈ ਜਾਰੀ ਰਹੇਗੀ।