ਜਲੰਧਰ (ਨਵੀਨ ਪੂਰੀ)  :- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਹਸਪਤਾਲ ਵਿਖੇ ਭਾਰਤੀ ਜਨਸੰਘ ਦੇ ਸੰਸਥਾਪਕ ਪ੍ਰਧਾਨ, ਪ੍ਰਖਰ ਰਾਸ਼ਟਰਵਾਦੀ ਚਿੰਤਕ ਅਤੇ “ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ ਨਹੀਂ ਚਲਣਗੇ” ਦੇ ਨਾਅਰੇ ਦੇ ਪ੍ਰਣੇਤਾ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲਿਦਾਨ ਦਿਵਸ ਮੌਕੇ ਉਨ੍ਹਾਂ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕਰਕੇ ਭਾਵਭੀਨੀ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਹਾਜ਼ਰ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਡਾ. ਮੁਖਰਜੀ ਦੇ ਰਾਸ਼ਟਰ ਨਿਰਮਾਣ ਵਿੱਚ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਦਿੱਤਾ ਉਨ੍ਹਾਂ ਦਾ ਸਰਵੋਚ ਬਲਿਦਾਨ ਹਮੇਸ਼ਾ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਪ੍ਰਦੇਸ਼ ਮਹਾਮੰਤਰੀ ਰਾਕੇਸ਼ ਰਾਠੌਰ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੰਪ੍ਰਭੁਤਾ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਇੱਕ ਵਿਧਾਨ, ਇੱਕ ਪ੍ਰਧਾਨ ਅਤੇ ਇੱਕ ਨਿਸ਼ਾਨ ਲਈ ਉਨ੍ਹਾਂ ਦਾ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਿਆ ਰਹੇਗਾ।

ਪ੍ਰਦੇਸ਼ ਉਪ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਡਾ. ਮੁਖਰਜੀ ਦਾ ਜੀਵਨ ਦੇਸ਼ਭਗਤੀ, ਤਿਆਗ ਅਤੇ ਦ੍ਰਿੜ ਸੰਕਲਪ ਦੀ ਮਿਸਾਲ ਹੈ ਅਤੇ ਹਰ ਭਾਰਤੀ ਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਭਾਰਤੀ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਧਾਰਾ 370 ਦਾ ਹਟਣਾ ਡਾ. ਮੁਖਰਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਇੱਕ ਇਤਿਹਾਸਕ ਕਦਮ ਹੈ।

ਇਸ ਮੌਕੇ ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਕਰਮਜੀਤ ਕੌਰ ਚੌਧਰੀ, ਜਗਬੀਰ ਬਰਾੜ, ਰਮਨ ਪੱਬੀ, ਸੁਭਾਸ਼ ਸੂਦ, ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਗੋਲਡੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਰਹੇ।