
Skip to content

ਨਵੀਂ ਦਿੱਲੀ :- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਨਿਹੰਗ ਸਿੰਘਾਂ ਨਾਲ ਹੋਈ ਕੁੱਟਮਾਰ ਅਤੇ ਬਾਅਦ ਵਿੱਚ ਪੁਲਿਸ ਵੱਲੋਂ ਇੱਕਤਰਫ਼ਾ ਕਾਰਵਾਈ ਕਰਦੇ ਹੋਏ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਉੱਚ ਪੱਧਰੀ ਵਫ਼ਦ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਉੱਤਰਾਖੰਡ ਦੇ ਡੀਜੀਪੀ ਦੀਪਮ ਸੇਠ ਨਾਲ ਮਿਲਿਆ। ਵਫ਼ਦ ਵਿੱਚ ਹਰਜੀਤ ਸਿੰਘ ਪੱਪਾ, ਕੰਵਲਜੀਤ ਸਿੰਘ ਜੌਲੀ ਅਤੇ ਰਾਜਿੰਦਰ ਸਿੰਘ ਖਿਆਲਾ ਵੀ ਸ਼ਾਮਲ ਸਨ।

ਲਗਭਗ ਇੱਕ ਘੰਟੇ ਤੋਂ ਵੱਧ ਚੱਲੀ ਮੀਟਿੰਗ ਤੋਂ ਬਾਅਦ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨਪ੍ਰਯਾਗ ਪਹੁੰਚੀ ਤਾਂ ਚਾਰ ਨੌਜਵਾਨ ਨਿਹੰਗ ਸਿੰਘਾਂ ਨਾਲ ਸਥਾਨਕ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਬਾਅਦ ਪੁਲਿਸ ਨੇ ਇੱਕਤਰਫ਼ਾ ਕਾਰਵਾਈ ਕਰਦੇ ਹੋਏ ਨਿਹੰਗ ਸਿੰਘਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਨੂੰ ਨੰਗੇ ਸਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਕਮੇਟੀ ਵੱਲੋਂ ਡੀਜੀਪੀ ਨੂੰ ਮੰਗ ਪੱਤਰ ਸੌਂਪ ਕੇ ਸਥਾਨਕ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਸਥਾਨਕ ਲੋਕਾਂ ਖ਼ਿਲਾਫ਼ ਹੁਣ ਐਫਆਈਆਰ ਦਰਜ ਕਰ ਦਿੱਤੀ ਗਈ ਹੈ।
ਕਮੇਟੀ ਦੀ ਮੰਗ ਤੋਂ ਬਾਅਦ ਡੀਜੀਪੀ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮਾਮਲਿਆਂ ਦੀ ਜਾਂਚ ਚਮੋਲੀ ਪੁਲਿਸ ਤੋਂ ਹਟਾ ਕੇ ਹਰਿਦੁਆਰ ਦੇ ਐਸਐਸਪੀ ਸਰਦਾਰ ਨਵਨੀਤ ਸਿੰਘ ਭੁੱਲਰ ਨੂੰ ਸੌਂਪ ਦਿੱਤੀ ਹੈ।
ਨਿਹੰਗ ਸਿੰਘਾਂ ਨਾਲ ਥਾਣੇ ਵਿੱਚ ਕਥਿਤ ਕੁੱਟਮਾਰ ਅਤੇ ਉਨ੍ਹਾਂ ਨੂੰ ਨੰਗੇ ਸਿਰ ਅਦਾਲਤ ਵਿੱਚ ਪੇਸ਼ ਕਰਨ ਦੇ ਮਾਮਲੇ ’ਤੇ ਵੀ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ। ਡੀਜੀਪੀ ਨੇ ਦੱਸਿਆ ਕਿ ਡੀਆਈਜੀ ਯਸ਼ਵੰਤ ਸਿੰਘ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਡਿਊਟੀ ’ਤੇ ਤੈਨਾਤ ਪੁਲਿਸ ਕਰਮਚਾਰੀਆਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਵੇਗੀ।
ਕਮੇਟੀ ਨੇ ਜਾਂਚ ਦੋ ਹਫ਼ਤਿਆਂ ਅੰਦਰ ਮੁਕੰਮਲ ਕਰਕੇ ਰਿਪੋਰਟ ਜਾਰੀ ਕਰਨ ਦੀ ਮੰਗ ਕੀਤੀ, ਜਿਸ ’ਤੇ ਡੀਜੀਪੀ ਨੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਜਾਂਚ ਪੂਰੀ ਕਰਨ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਕਮੇਟੀ ਨੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਉਣ ਲਈ ਸ੍ਰੀਨਗਰ ਅਤੇ ਰਿਸ਼ੀਕੇਸ਼ ਖੇਤਰ ਵਿੱਚ ਦੋ ਨੋਡਲ ਅਧਿਕਾਰੀ ਅਤੇ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਮੰਗ ਕੀਤੀ। ਡੀਜੀਪੀ ਨੇ ਗੁਰਮੁਖੀ ਜਾਣਨ ਵਾਲੇ ਦੋ ਨੋਡਲ ਅਧਿਕਾਰੀ ਨਿਯੁਕਤ ਕਰਨ ਦਾ ਭਰੋਸਾ ਦਿੱਤਾ।
ਕਮੇਟੀ ਨੇ ਇਹ ਵੀ ਕਿਹਾ ਕਿ ਹਿਰਾਸਤ ਵਿੱਚ ਬੰਦ ਨਿਹੰਗ ਸਿੰਘਾਂ ਨੂੰ ਜਲਦ ਜ਼ਮਾਨਤ ਮਿਲੇ ਅਤੇ ਉਨ੍ਹਾਂ ਦੇ ਕੇਸਾਂ ਦੀ ਕਾਨੂੰਨੀ ਪੈਰਵੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਜਾਵੇਗੀ। ਨਾਲ ਹੀ ਨਿਹੰਗ ਸਿੰਘਾਂ ’ਤੇ ਲਗਾਈ ਗਈ ਧਾਰਾ 307 ਨੂੰ ਗੈਰ-ਉਚਿਤ ਦੱਸਦੇ ਹੋਏ ਇਸ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ।
ਕਮੇਟੀ ਆਗੂਆਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਅਤੇ ਵਿਦੇਸ਼ ਵਿੱਚ ਸਿੱਖ ਭਾਈਚਾਰੇ ਨਾਲ ਜੁੜੇ ਮਾਮਲਿਆਂ ਵਿੱਚ ਹਰ ਸੰਭਵ ਸਹਿਯੋਗ ਲਈ ਵਚਨਬੱਧ ਹੈ। ਡੀਜੀਪੀ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ।

Related