
Skip to content

ਜਲੰਧਰ ‘ਚ 24 ਜੁਲਾਈ ਨੂੰ ਨਿਕਲੇਗੀ ਭਗਵਾਨ ਸ੍ਰੀ ਜਗੰਨਾਥ ਜੀ ਦੀ ਭਵਿਆ ਰਥ ਯਾਤਰਾ, ਡਿਜ਼ਿਟਲ ਮੀਡੀਆ ਐਸੋਸੀਏਸ਼ਨ ਨੂੰ ਵਿਸ਼ੇਸ਼ ਸੱਦਾ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਤੀਰਥ ਜਗੰਨਾਥ ਸੇਵਾ ਸਮਿਤੀ ਵੱਲੋਂ 24 ਜੁਲਾਈ 2026 (ਸ਼ੁੱਕਰਵਾਰ) ਨੂੰ ਭਗਵਾਨ ਸ੍ਰੀ ਜਗੰਨਾਥ ਜੀ ਦੀ ਭਵਿਆ ਰਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਮਿਤੀ ਦੇ ਪ੍ਰਧਾਨ ਅੰਗਦ ਤਲਵਾਰ ਨੇ ਡਿਜ਼ਿਟਲ ਮੀਡੀਆ ਐਸੋਸੀਏਸ਼ਨ (DMA) ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ, ਮਹਾਸਚਿਵ ਜਸਵਿੰਦਰ ਸਿੰਘ ਆਜ਼ਾਦ, ਪੈਟਰਨ ਪ੍ਰਦੀਪ ਵਰਮਾ, ਸੀਨੀਅਰ ਉਪ ਪ੍ਰਧਾਨ ਸੁਮੇਸ਼ ਸ਼ਰਮਾ ਅਤੇ ਕੈਸ਼ੀਅਰ ਵਰੁਣ ਗੁਪਤਾ ਨੂੰ ਰਥ ਯਾਤਰਾ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਸਮਿਤੀ ਦੇ ਮੈਂਬਰ ਨਿਸ਼ਾਂਤ ਧੀਰ, ਖਿਆਤੀ ਕੋਹਲੀ, ਸ਼ੁਭਮ ਕਪੂਰ, ਅਭੈ ਠੁਕਰਾਲ ਅਤੇ ਅੰਬਰੀਸ਼ ਕਸ਼ਯਪ ਵੀ ਹਾਜ਼ਰ ਸਨ।
ਸਮਿਤੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਦੁਪਹਿਰ 3:00 ਵਜੇ ਕੰਪਨੀ ਬਾਗ ਚੌਕ (ਸ਼੍ਰੀਰਾਮ ਚੌਕ) ਵਿਖੇ ਭਗਵਾਨ ਸ੍ਰੀ ਜਗੰਨਾਥ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ਾਮ 4:00 ਵਜੇ ਵੇਦਿਕ ਮੰਤਰ ਉਚਾਰਣ ਦੇ ਨਾਲ ਰਥ ਯਾਤਰਾ ਦੀ ਸ਼ੁਰੂਆਤ ਹੋਵੇਗੀ। ਇਹ ਯਾਤਰਾ ਸਾਈਂ ਦਾਸ ਸਕੂਲ ਗਰਾਊਂਡ ਵਿੱਚ ਸੰਪੰਨ ਹੋਵੇਗੀ, ਜਿੱਥੇ ਰਾਤ 8:30 ਵਜੇ ਮਹਾਂ ਆਰਤੀ, 9:00 ਵਜੇ ਭਜਨ-ਕੀਰਤਨ ਅਤੇ 9:30 ਵਜੇ ਭਗਵਾਨ ਜਗੰਨਾਥ ਜੀ ਦਾ ਮਹਾਪ੍ਰਸਾਦ ਸਾਰੇ ਸ਼ਰਧਾਲੂਆਂ ਵਿੱਚ ਵੰਡਿਆ ਜਾਵੇਗਾ।
ਪਟੇਲ ਚੌਕ ‘ਚ ਹੋਵੇਗਾ ਸ਼ਾਨਦਾਰ ਸਵਾਗਤ, ਪੱਤਰਕਾਰਾਂ ਦਾ ਵੀ ਹੋਵੇਗਾ ਸਨਮਾਨ
ਰਥ ਯਾਤਰਾ ਦੌਰਾਨ ਪਟੇਲ ਚੌਕ ਵਿਖੇ ਸ਼ਹਿਰ ਦੇ ਪ੍ਰਮੁੱਖ ਸਮਾਜਸੇਵੀਆਂ, ਪੜ੍ਹੇ-ਲਿਖੇ ਨੌਜਵਾਨਾਂ ਅਤੇ ਕਾਰੋਬਾਰੀਆਂ ਵੱਲੋਂ ਵਿਸ਼ੇਸ਼ ਸਵਾਗਤੀ ਮੰਚ ਲਗਾਇਆ ਜਾਵੇਗਾ। ਇੱਥੇ ਭਗਵਾਨ ਸ੍ਰੀ ਜਗੰਨਾਥ ਜੀ ਦਾ ਫੁੱਲਾਂ ਦੀ ਵਰਖਾ, ਜੈਕਾਰਿਆਂ ਅਤੇ ਭਗਤੀ ਭਾਵ ਨਾਲ ਸਵਾਗਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋਕਤੰਤਰ ਦੇ ਚੌਥੇ ਸਥੰਭ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਇਸ ਮੰਚ ‘ਤੇ ਡਿਜ਼ਿਟਲ ਮੀਡੀਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ।
ਇਸ ਸਵਾਗਤੀ ਮੰਚ ਦੇ ਆਯੋਜਨ ਵਿੱਚ ਵਰੁਣ ਗੁਪਤਾ, ਰਾਕੇਸ਼ ਗੁਪਤਾ, ਸ਼ਿਵਾਂਸ਼ ਮਿੱਤਲ, ਰਾਹੁਲ ਖੁਰਾਨਾ, ਰੋਹਿਤ ਖੁਰਾਨਾ, ਹਰਨੀਸ਼ ਗੋਇਲ, ਦਿਵਾਂਸ਼ੂ ਗੁਪਤਾ, ਸਾਹਿਲ ਅਗਰਵਾਲ ਅਤੇ ਵਰੁਣ ਵਰਮਾ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।
ਇਸ ਮੌਕੇ ਡਿਜ਼ਿਟਲ ਮੀਡੀਆ ਐਸੋਸੀਏਸ਼ਨ ਦੇ ਪੈਟਰਨ ਪ੍ਰਦੀਪ ਵਰਮਾ ਅਤੇ ਸੀਨੀਅਰ ਉਪ ਪ੍ਰਧਾਨ ਸੁਮੇਸ਼ ਸ਼ਰਮਾ ਨੇ ਕਿਹਾ ਕਿ ਨੌਜਵਾਨੀ ਭਗਵਾਨ ਦੀ ਭਗਤੀ ਅਤੇ ਸਮਾਜ ਸੇਵਾ ਲਈ ਸਭ ਤੋਂ ਉੱਤਮ ਸਮਾਂ ਹੁੰਦਾ ਹੈ। ਜੇਕਰ ਇਸ ਉਮਰ ਵਿੱਚ ਸੇਵਾ ਅਤੇ ਭਗਤੀ ਦਾ ਭਾਵ ਜਾਗ ਪਏ ਤਾਂ ਇਹ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਏਕਤਾ, ਸੇਵਾ, ਸੰਸਕਾਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਅੰਤ ਵਿੱਚ ਸਮਿਤੀ ਦੇ ਪ੍ਰਧਾਨ ਅੰਗਦ ਤਲਵਾਰ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 24 ਜੁਲਾਈ ਨੂੰ ਆਪਣੇ ਪਰਿਵਾਰਾਂ ਸਮੇਤ ਰਥ ਯਾਤਰਾ ਵਿੱਚ ਸ਼ਾਮਲ ਹੋ ਕੇ ਭਗਵਾਨ ਸ੍ਰੀ ਜਗੰਨਾਥ ਜੀ ਦੇ ਦਰਸ਼ਨ ਕਰਨ, ਯਾਤਰਾ ਦੀ ਸ਼ੋਭਾ ਵਧਾਉਣ ਅਤੇ ਮਹਾਪ੍ਰਸਾਦ ਦਾ ਲਾਭ ਪ੍ਰਾਪਤ ਕਰਨ।

Related