ਲਹਿਰਾ |ਅਮਿਤ ਨਖਵਾਲ:  ਥਾਣਾ ਲਹਿਰਾ ਪੁਲਿਸ ਨੇ ਪਿੰਡ ਰਾਮਗੜ੍ਹ ਸੰਧੂਆਂ ਦੇ 19 ਸਾਲਾ ਨੌਜਵਾਨ ਹਰਮਨਦੀਪ ਦੇ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਚੋਰੀ ਦੀਆਂ ਧਾਰਾਵਾਂ ਤਹਿਤ ਕੇਸ ਵਿੱਚ ਵਾਧਾ ਕਰਦੇ ਹੋਏ ਜਾਂਚ ਅੱਗੇ ਵਧਾ ਦਿੱਤੀ ਹੈ।

ਪੁਲਿਸ ਮੁਤਾਬਕ ਹਰਮਨਦੀਪ ਦੇ ਪਿਤਾ ਬਲਕਾਰ ਸਿੰਘ ਵਾਸੀ ਪਿੰਡ ਰਾਮਗੜ੍ਹ ਸੰਧੂਆਂ ਦੇ ਬਿਆਨਾਂ ‘ਤੇ 15 ਜੁਲਾਈ ਨੂੰ ਨੌਜਵਾਨ ਦੇ ਲਾਪਤਾ ਹੋਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਪਰਿਵਾਰ ਨੇ ਦੱਸਿਆ ਸੀ ਕਿ ਹਰਮਨਦੀਪ 5 ਜੁਲਾਈ ਤੋਂ ਘਰੋਂ ਲਾਪਤਾ ਸੀ। ਜਾਂਚ ਦੌਰਾਨ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ, ਜਿਸ ਦੌਰਾਨ ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ।

ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਮਨਦੀਪ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਖਾਈ ਬਸਤੀ ਨੇੜੇ ਇੱਕ ਟਾਹਲੀ ਦੇ ਦਰੱਖਤ ਹੇਠਾਂ ਦੱਬ ਦਿੱਤੀ ਸੀ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਮੌਕੇ ਤੋਂ ਲਾਸ਼ ਬਰਾਮਦ ਕਰ ਲਈ, ਜੋ ਕਾਫ਼ੀ ਗਲੀ-ਸੜੀ ਹਾਲਤ ਵਿੱਚ ਸੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੂ, ਮੰਗੂ ਕੁਮਾਰ ਅਤੇ ਲਖਣ ਵਜੋਂ ਹੋਈ ਹੈ, ਜੋ ਖਾਈ ਬਸਤੀ, ਲਹਿਰਾ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਅਨੁਸਾਰ ਮੁਲਜ਼ਮਾਂ ਨੇ ਹਰਮਨਦੀਪ ਤੋਂ 2 ਹਜ਼ਾਰ ਰੁਪਏ ਅਤੇ ਉਸ ਦਾ ਮੋਬਾਈਲ ਫੋਨ ਲੁੱਟਣ ਦੀ ਨੀਅਤ ਨਾਲ ਪਹਿਲਾਂ ਚੋਰੀ ਕੀਤੀ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ।

ਲਾਸ਼ ਦੀ ਪਛਾਣ ਪਰਿਵਾਰਕ ਮੈਂਬਰਾਂ ਨੇ ਕੱਪੜਿਆਂ ਦੇ ਆਧਾਰ ‘ਤੇ ਕੀਤੀ ਹੈ। ਪੁਲਿਸ ਵੱਲੋਂ ਫੋਰੈਂਸਿਕ ਮਾਹਿਰਾਂ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

ਪੁਲਿਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

ਰਿਪੋਰਟ: ਅਮਿਤ ਨਖਵਾਲ