
Skip to content

LPU ਨੇੜੇ ਭਿਆਨਕ ਸੜਕ ਹਾਦਸਾ, ਟਿੱਪਰ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲਿਆ; ਡਾਕਟਰ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਜਲੰਧਰ ਕੈਂਟ ਹਾਈਵੇਅ ’ਤੇ ਐਲ.ਪੀ.ਯੂ. ਨੇੜੇ ਵੀਰਵਾਰ ਦੇਰ ਰਾਤ ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਡਾਕਟਰ ਮਨੀਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਦੀਪਕ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੂਲੈਂਸ ਮੌਕੇ ’ਤੇ ਪਹੁੰਚ ਗਈਆਂ।
ਜਾਣਕਾਰੀ ਅਨੁਸਾਰ ਮ੍ਰਿਤਕ ਮਨੀਸ਼ ਪੇਸ਼ੇ ਤੋਂ ਡਾਕਟਰ ਸੀ ਅਤੇ ਗੋਡੇ ਤੇ ਕਮਰ ਦੇ ਇਲਾਜ ਦਾ ਮਾਹਿਰ ਦੱਸਿਆ ਜਾ ਰਿਹਾ ਹੈ। ਜ਼ਖ਼ਮੀ ਦੀਪਕ ਨੇ ਦੱਸਿਆ ਕਿ ਦੋਵੇਂ ਐਲ.ਪੀ.ਯੂ. ਨੇੜੇ ਇੱਕ ਮਰੀਜ਼ ਦੇ ਘਰ ਪੱਟੀ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ। ਜਦੋਂ ਉਹ ਫਲਾਈਓਵਰ ਤੋਂ ਹੇਠਾਂ ਉਤਰ ਰਹੇ ਸਨ ਤਾਂ ਪਿੱਛੋਂ ਆਏ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਦੀਪਕ ਮੁਤਾਬਕ ਟੱਕਰ ਤੋਂ ਬਾਅਦ ਟਿੱਪਰ ਉਨ੍ਹਾਂ ਨੂੰ ਕੁਝ ਦੂਰੀ ਤੱਕ ਘਸੀਟਦਾ ਲੈ ਗਿਆ। ਉਸ ਨੇ ਦੱਸਿਆ ਕਿ ਉਹ ਟਰੱਕ ਦੇ ਹੇਠਾਂ ਫਸ ਗਿਆ ਸੀ ਅਤੇ ਟਾਇਰਾਂ ਦੇ ਅੰਦਰਲੇ ਹਿੱਸੇ ਨੂੰ ਫੜ ਕੇ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਰਿਹਾ, ਪਰ ਮਨੀਸ਼ ਬਾਈਕ ’ਤੇ ਹੋਣ ਕਾਰਨ ਆਪਣੇ ਆਪ ਨੂੰ ਨਹੀਂ ਬਚਾ ਸਕਿਆ। ਦੀਪਕ ਨੇ ਡਰਾਈਵਰ ’ਤੇ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ।
ਘਟਨਾ ਸਬੰਧੀ ਏ.ਸੀ.ਪੀ. ਕੈਂਟ ਬਲਵੰਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਸੀ। ਉੱਥੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ, ਜਦਕਿ ਦੂਜਾ ਜ਼ਖ਼ਮੀ ਮਿਲਿਆ। ਉਨ੍ਹਾਂ ਕਿਹਾ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟਿੱਪਰ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related