
Skip to content

ਕਪੂਰਥਲਾ ਚੌਂਕ ਦੇ ਨਿੱਜੀ ਹਸਪਤਾਲ ’ਚ ਬੱਚੇ ਦੀ ਮੌਤ ਤੋਂ ਬਾਅਦ ਹੰਗਾਮਾ, ਪਰਿਵਾਰ ਨੇ ਲਾਪਰਵਾਹੀ ਦੇ ਲਗਾਏ ਦੋਸ਼
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਕਪੂਰਥਲਾ ਚੌਂਕ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਬੰਧਕਾਂ ’ਤੇ ਇਲਾਜ ਵਿੱਚ ਕਥਿਤ ਲਾਪਰਵਾਹੀ ਵਰਤਣ, ਬੱਚੇ ਦੀ ਗੰਭੀਰ ਹਾਲਤ ਬਾਰੇ ਜਾਣਕਾਰੀ ਨਾ ਦੇਣ ਅਤੇ ਲਗਾਤਾਰ ਪੈਸੇ ਜਮ੍ਹਾਂ ਕਰਵਾਉਣ ਦੇ ਦੋਸ਼ ਲਗਾਏ।
ਬੱਚੇ ਦੇ ਪਿਤਾ ਸ਼ਮਸ਼ੇਰ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦਾ ਬੇਟਾ ਛੱਤ ਤੋਂ ਡਿੱਗ ਗਿਆ ਸੀ, ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ। ਹਾਲਤ ਵਿਗੜਨ ’ਤੇ ਉਸ ਨੂੰ ਕਪੂਰਥਲਾ ਚੌਂਕ ਸਥਿਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਵੱਲੋਂ ਦਵਾਈਆਂ ਅਤੇ ਵੱਖ-ਵੱਖ ਜਾਂਚਾਂ ਦੇ ਨਾਂ ’ਤੇ ਉਨ੍ਹਾਂ ਤੋਂ ਪੈਸੇ ਜਮ੍ਹਾਂ ਕਰਵਾਏ ਜਾਂਦੇ ਰਹੇ, ਪਰ ਬੱਚੇ ਦੀ ਸਿਹਤ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।
ਪਰਿਵਾਰ ਮੁਤਾਬਕ ਉਨ੍ਹਾਂ ਨੂੰ ਬੱਚੇ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਪਹਿਲਾਂ ਸ਼ਾਮ 5 ਵਜੇ, ਫਿਰ 6 ਵਜੇ ਅਤੇ ਬਾਅਦ ਵਿੱਚ 7-8 ਵਜੇ ਦਾ ਸਮਾਂ ਦਿੱਤਾ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਸਪਤਾਲ ਦੇ ਬਾਊਂਸਰਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਧੱਕਾ-ਮੁੱਕੀ ਹੋਈ।
ਪਰਿਵਾਰ ਦੇ ਅਨੁਸਾਰ, ਕਾਫੀ ਕੋਸ਼ਿਸ਼ ਤੋਂ ਬਾਅਦ ਬੱਚੇ ਦਾ ਚਾਚਾ ਅੰਦਰ ਪਹੁੰਚਿਆ ਤਾਂ ਪਤਾ ਲੱਗਾ ਕਿ ਬੱਚੇ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਮੌਤ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੱਚੇ ਦੀ ਗੰਭੀਰ ਹਾਲਤ ਬਾਰੇ ਦੱਸਿਆ ਜਾਂਦਾ ਤਾਂ ਉਹ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਸਨ।
ਮਾਮਲੇ ਦੀ ਸੂਚਨਾ 112 ਰਾਹੀਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਪਰਿਵਾਰ ਤੇ ਹਸਪਤਾਲ ਪ੍ਰਬੰਧਨ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਕਾਬੂ ਕੀਤਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related