ਅੰਮ੍ਰਿਤਸਰ ’ਚ ਬਿਨਾਂ ਵੈਧ ਨੰਬਰ ਪਲੇਟ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਪੁਲਿਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) : ਸ਼ਹਿਰ ਵਿੱਚ ਹੁਣ ਬਿਨਾਂ ਵੈਧ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਪੈਟਰੋਲ, ਡੀਜ਼ਲ ਜਾਂ ਸੀਐਨਜੀ ਨਹੀਂ ਮਿਲੇਗੀ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਅੰਮ੍ਰਿਤਸਰ ਸਿਟੀ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿੱਚ ਲਾਗੂ ਹੋਵੇਗਾ।

ਪੁਲਿਸ ਮੁਤਾਬਕ ਕਈ ਵਾਹਨ ਮਾਲਕ ਨੰਬਰ ਪਲੇਟਾਂ ਹਟਾ ਕੇ, ਮੋੜ ਕੇ, ਤੋੜ ਕੇ, ਢੱਕ ਕੇ ਜਾਂ ਉਨ੍ਹਾਂ ਵਿੱਚ ਤਬਦੀਲੀ ਕਰਕੇ ਵਾਹਨ ਚਲਾ ਰਹੇ ਹਨ। ਇਸ ਕਾਰਨ ਵਾਹਨਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਵਾਹਨਾਂ ਦੀ ਵਰਤੋਂ ਹਿੱਟ ਐਂਡ ਰਨ, ਚੇਨ ਸਨੈਚਿੰਗ, ਚੋਰੀ, ਡਕੈਤੀ ਅਤੇ ਹੋਰ ਅਪਰਾਧਾਂ ਵਿੱਚ ਕੀਤੀ ਜਾ ਸਕਦੀ ਹੈ।

ਹੁਕਮਾਂ ਅਨੁਸਾਰ, ਜਿਨ੍ਹਾਂ ਵਾਹਨਾਂ ਦੇ ਅੱਗੇ ਅਤੇ ਪਿੱਛੇ ਵੈਧ ਹਾਈ ਸਕਿਊਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਨਹੀਂ ਹੋਵੇਗੀ, ਉਨ੍ਹਾਂ ਨੂੰ ਪੈਟਰੋਲ, ਡੀਜ਼ਲ ਜਾਂ ਸੀਐਨਜੀ ਦੇਣ ਤੋਂ ਇਨਕਾਰ ਕੀਤਾ ਜਾਵੇਗਾ। ਹਾਲਾਂਕਿ ਵੈਧ ਰਜਿਸਟ੍ਰੇਸ਼ਨ ਜਾਂ ਅਸਥਾਈ ਰਜਿਸਟ੍ਰੇਸ਼ਨ ਨੰਬਰ ਵਾਲੇ ਨਵੇਂ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ। ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਐਮਰਜੈਂਸੀ ਵਾਹਨ ਵੀ ਇਸ ਪਾਬੰਦੀ ਤੋਂ ਬਾਹਰ ਰਹਿਣਗੇ।

ਇਸ ਤੋਂ ਇਲਾਵਾ ਸਾਰੇ ਪੈਟਰੋਲ ਪੰਪਾਂ ਅਤੇ ਸੀਐਨਜੀ ਸਟੇਸ਼ਨਾਂ ’ਤੇ ਘੱਟੋ-ਘੱਟ 3×3 ਫੁੱਟ ਦਾ ਨੋਟਿਸ ਬੋਰਡ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ, ਜਿਸ ’ਤੇ ਬਿਨਾਂ ਵੈਧ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਬਾਲਣ ਨਾ ਦੇਣ ਬਾਰੇ ਸਪੱਸ਼ਟ ਜਾਣਕਾਰੀ ਹੋਵੇਗੀ।

ਪੈਟਰੋਲ ਪੰਪ ਅਤੇ ਸੀਐਨਜੀ ਸਟੇਸ਼ਨ ਆਪਰੇਟਰਾਂ ਨੂੰ ਆਪਣੇ CCTV ਅਤੇ ANPR ਕੈਮਰੇ ਹਰ ਸਮੇਂ ਚਾਲੂ ਰੱਖਣੇ ਹੋਣਗੇ। ਵਾਹਨਾਂ ਦੀਆਂ ਅੱਗੇ ਅਤੇ ਪਿੱਛੇ ਵਾਲੀਆਂ ਨੰਬਰ ਪਲੇਟਾਂ ਕੈਮਰਿਆਂ ਵਿੱਚ ਸਪੱਸ਼ਟ ਤੌਰ ’ਤੇ ਰਿਕਾਰਡ ਹੋਣੀਆਂ ਚਾਹੀਦੀਆਂ ਹਨ। ਕੈਮਰਾ ਰਿਕਾਰਡਿੰਗ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਹੋਵੇਗੀ ਅਤੇ ਪੁਲਿਸ ਵੱਲੋਂ ਮੰਗੇ ਜਾਣ ’ਤੇ ਫੁਟੇਜ ਮੁਹੱਈਆ ਕਰਵਾਉਣੀ ਪਵੇਗੀ।