
Skip to content

ਪੰਚਕੂਲਾ ਨਾਈਟ ਕਲੱਬ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ, ਅੱਤਵਾਦੀ ਫੰਡਿੰਗ ਤੇ ਹਵਾਲਾ ਨੈੱਟਵਰਕ ਦੀ ਜਾਂਚ
ਪੰਚਕੂਲਾ (ਅਰਸ਼ਦੀਪ ਸਿੰਘ ਕਾਲੜਾ) : ਅਲਿਫ-ਲੈਲਾ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ। ਪੰਚਕੂਲਾ ਪੁਲਿਸ ਦੀ ਜਾਂਚ ਵਿੱਚ ਮਾਮਲੇ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ, ਹਵਾਲਾ ਨੈੱਟਵਰਕ ਅਤੇ ਕਥਿਤ ਅੱਤਵਾਦੀ ਫੰਡਿੰਗ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਕਾਕੂ, ਵਾਸੀ ਫਿਰੋਜ਼ਪੁਰ, ਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਤੋਂ ਬਾਅਦ ਭੱਜਣ ਲਈ ਵਰਤੀ ਗਈ XUV-500, ਤੁਰਕੀ ਬਣਾਵਟ ਦੀ ਜ਼ਿਗਾਨਾ ਪਿਸਤੌਲ ਅਤੇ 8 ਰੌਂਦ ਬਰਾਮਦ ਕੀਤੇ ਗਏ ਹਨ।
ਹਥਿਆਰ ਦੀ ਬਰਾਮਦਗੀ ਤੋਂ ਬਾਅਦ ਪੁਲਿਸ ਨੇ ਜਾਂਚ ਨੂੰ ਹੋਰ ਵਿਸਥਾਰ ਦਿੰਦਿਆਂ ਅੱਤਵਾਦੀ ਐਂਗਲ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਹੈ। ਪੁਲਿਸ ਅਨੁਸਾਰ ਮਾਮਲੇ ਵਿੱਚ ਨਾਮਜ਼ਦ ਤਿੰਨੋਂ ਮੁਲਜ਼ਮ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਨਾਲ ਸਬੰਧਤ ਹਨ।
ਇਸ ਤੋਂ ਬਾਅਦ ਮਾਮਲੇ ਦੀ ਜਾਂਚ ਪੰਚਕੂਲਾ ਕ੍ਰਾਈਮ ਬ੍ਰਾਂਚ ਤੋਂ ਐਂਟੀ ਟੈਰਰਿਸਟ ਸਕੁਐਡ (ATS), ਪੰਚਕੂਲਾ ਨੂੰ ਸੌਂਪ ਦਿੱਤੀ ਗਈ ਹੈ। ATS ਦੀ ਵਿਸ਼ੇਸ਼ ਟੀਮ ਹੁਣ ਕਥਿਤ ਨੈੱਟਵਰਕ ਦੀਆਂ ਕੜੀਆਂ ਖੰਗਾਲ ਰਹੀ ਹੈ। ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਿਰੋਹ ਨਾਲ ਹੋਰ ਕੌਣ ਜੁੜਿਆ ਹੈ, ਜ਼ਿਗਾਨਾ ਪਿਸਤੌਲ ਕਿੱਥੋਂ ਹਾਸਲ ਕੀਤੀ ਗਈ ਅਤੇ ਇਸ ਦਾ ਸਪਲਾਇਰ ਕੌਣ ਹੈ।
ਪੁਲਿਸ ਦੀ ਅਗਲੀ ਜਾਂਚ ਤੋਂ ਮਾਮਲੇ ਨਾਲ ਜੁੜੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Related