ਜਲੰਧਰ ਨੌਰਥ ਵਿੱਚ AAP ਦਾ ਵੱਡਾ ਫ਼ੈਸਲਾ, ਦਿਨੇਸ਼ ਢੱਲ ਦੀ ਥਾਂ ਮੇਅਰ ਵਨੀਤ ਧੀਰ ਬਣੇ ਹਲਕਾ ਇੰਚਾਰਜ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਜਲੰਧਰ ਨੌਰਥ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ (AAP) ਨੇ ਇੱਕ ਅਹਿਮ ਤਬਦੀਲੀ ਕਰਦਿਆਂ ਦਿਨੇਸ਼ ਢੱਲ ਉਰਫ਼ ਕਾਲੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪਾਰਟੀ ਨੇ ਉਨ੍ਹਾਂ ਦੀ ਥਾਂ ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਜਲੰਧਰ ਨੌਰਥ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਫ਼ੈਸਲੇ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਹੱਤਵਪੂਰਨ ਸਿਆਸੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।

 

ਦੱਸਣਯੋਗ ਹੈ ਕਿ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦਿਨੇਸ਼ ਢੱਲ ਉਰਫ਼ ਕਾਲੀ ਨੂੰ ਜਲੰਧਰ ਨੌਰਥ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਹਾਲਾਂਕਿ ਉਹ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਜੂਨੀਅਰ (ਛੋਟੇ ਹੈਨਰੀ) ਤੋਂ ਚੋਣ ਹਾਰ ਗਏ ਸਨ।

ਸਿਆਸੀ ਸੂਤਰਾਂ ਮੁਤਾਬਕ ਪਾਰਟੀ ਵੱਲੋਂ ਹਲਕੇ ਵਿੱਚ ਕਰਵਾਏ ਗਏ ਇੱਕ ਅੰਦਰੂਨੀ ਸਰਵੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਸਰਵੇ ਵਿੱਚ ਦਿਨੇਸ਼ ਢੱਲ ਦੀ ਕਾਰਗੁਜ਼ਾਰੀ ਉਮੀਦਾਂ ਮੁਤਾਬਕ ਨਹੀਂ ਰਹੀ, ਜਿਸ ਕਾਰਨ ਪਾਰਟੀ ਹਾਈਕਮਾਂਡ ਨੇ ਹਲਕੇ ਦੀ ਜ਼ਿੰਮੇਵਾਰੀ ਵਨੀਤ ਧੀਰ ਨੂੰ ਸੌਂਪਣ ਦਾ ਫ਼ੈਸਲਾ ਕੀਤਾ।

ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਸਰਵੇ ਜਾਂ ਇਸ ਦੇ ਨਤੀਜਿਆਂ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ, ਜਲੰਧਰ ਨੌਰਥ ਵਿੱਚ ਹੋਈ ਇਹ ਤਬਦੀਲੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਨੂੰ ਪਾਰਟੀ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।