
Skip to content

2027 ਚੋਣਾਂ ਦੀ ਤਿਆਰੀ ‘ਚ ਕਾਂਗਰਸ ਐਕਟਿਵ, 31 ਜੁਲਾਈ ਤੋਂ 8 ਅਗਸਤ ਤੱਕ ਪੰਜਾਬ ਦੌਰੇ ‘ਤੇ ਰਹਿਣਗੇ ਭੁਪੇਸ਼ ਬਘੇਲ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਨੇ ਸੂਬੇ ਵਿੱਚ ਆਪਣਾ ਸੰਗਠਨ ਮਜ਼ਬੂਤ ਕਰਨ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ 30 ਜੁਲਾਈ ਨੂੰ ਚੰਡੀਗੜ੍ਹ ਪਹੁੰਚਣਗੇ ਅਤੇ 31 ਜੁਲਾਈ ਤੋਂ 8 ਅਗਸਤ ਤੱਕ ਪੰਜਾਬ ਦੇ 10 ਦਿਨਾਂ ਦੇ ਵਿਸ਼ਾਲ ਦੌਰੇ ‘ਤੇ ਰਹਿਣਗੇ।
ਇਸ ਦੌਰੇ ਦਾ ਮੁੱਖ ਮਕਸਦ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਨੂੰ ਖ਼ਤਮ ਕਰਨਾ, ਜਥੇਬੰਦੀ ਨੂੰ ਮਜ਼ਬੂਤ ਕਰਨਾ ਅਤੇ ਬੂਥ ਪੱਧਰ ਤੱਕ ਵਰਕਰਾਂ ਨੂੰ ਸਰਗਰਮ ਕਰਨਾ ਹੈ। ਭੁਪੇਸ਼ ਬਘੇਲ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਕਾਂਗਰਸ ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਥਾਨਕ ਆਗੂਆਂ ਨਾਲ ਰੂ-ਬ-ਰੂ ਮੀਟਿੰਗਾਂ ਕਰਨਗੇ।
ਮੀਟਿੰਗਾਂ ਦੌਰਾਨ ਸੰਗਠਨ ਨੂੰ ਮਜ਼ਬੂਤ ਬਣਾਉਣ, ਵਰਕਰਾਂ ਦੇ ਸੁਝਾਅ ਸੁਣਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਪਾਰਟੀ ਲੀਡਰਸ਼ਿਪ ਦਾ ਟੀਚਾ ਵਰਕਰਾਂ ਵਿੱਚ ਨਵਾਂ ਜੋਸ਼ ਭਰਨਾ ਅਤੇ ਉਨ੍ਹਾਂ ਨੂੰ ਇੱਕਜੁੱਟ ਕਰਕੇ ਚੋਣਾਂ ਲਈ ਤਿਆਰ ਕਰਨਾ ਹੈ।
ਭੁਪੇਸ਼ ਬਘੇਲ ਦਾ ਇਹ ਦੌਰਾ 31 ਜੁਲਾਈ ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ। ਸਿਆਸੀ ਮਾਹਿਰਾਂ ਦੇ ਅਨੁਸਾਰ ਇਹ ਦੌਰਾ ਪੰਜਾਬ ਕਾਂਗਰਸ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਰਾਹੀਂ ਪਾਰਟੀ ਅੰਦਰਲੇ ਮਤਭੇਦ ਦੂਰ ਕਰਨ ਅਤੇ ਸੰਗਠਨ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭੁਪੇਸ਼ ਬਘੇਲ ਨੇ ਚੰਡੀਗੜ੍ਹ ਵਿੱਚ ਛੇ ਦਿਨ ਰਹਿ ਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਸਨ। ਉਨ੍ਹਾਂ ਨੇ ਪਾਰਟੀ ਦੀ ਅੰਦਰੂਨੀ ਸਥਿਤੀ ਅਤੇ ਸੰਗਠਨਾਤਮਕ ਚੁਣੌਤੀਆਂ ਬਾਰੇ ਕਾਂਗਰਸ ਹਾਈਕਮਾਂਡ ਨੂੰ ਵਿਸਤ੍ਰਿਤ ਰਿਪੋਰਟ ਵੀ ਸੌਂਪੀ ਸੀ। ਇਸ ਤੋਂ ਬਾਅਦ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਵੱਡੇ ਬਦਲਾਅ ਕਰਨ ਦੀ ਬਜਾਏ ਮੌਜੂਦਾ ਢਾਂਚੇ ਨੂੰ ਹੋਰ ਸਰਗਰਮ ਬਣਾਉਣ ‘ਤੇ ਜ਼ੋਰ ਦਿੱਤਾ।
ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਦਾ ਸ਼ਡਿਊਲ
30 ਜੁਲਾਈ: ਚੰਡੀਗੜ੍ਹ ਪਹੁੰਚਣਗੇ
31 ਜੁਲਾਈ: ਫਤਿਹਗੜ੍ਹ ਸਾਹਿਬ ਅਤੇ ਮੋਹਾਲੀ
1 ਅਗਸਤ: ਪਟਿਆਲਾ ਅਤੇ ਸੰਗਰੂਰ
2 ਅਗਸਤ: ਬਰਨਾਲਾ ਅਤੇ ਮਾਨਸਾ
3 ਅਗਸਤ: ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ
4 ਅਗਸਤ: ਫਾਜ਼ਿਲਕਾ ਅਤੇ ਫਿਰੋਜ਼ਪੁਰ
5 ਅਗਸਤ: ਮੋਗਾ ਅਤੇ ਫਰੀਦਕੋਟ
6 ਅਗਸਤ: ਲੁਧਿਆਣਾ (ਸ਼ਹਿਰੀ ਅਤੇ ਦਿਹਾਤੀ)
7 ਅਗਸਤ: ਮਲੇਰਕੋਟਲਾ ਅਤੇ ਖੰਨਾ
8 ਅਗਸਤ: ਸ਼ਹੀਦ ਭਗਤ ਸਿੰਘ ਨਗਰ (ਐਸਬੀਐਸ ਨਗਰ) ਅਤੇ ਰੂਪਨਗਰ (ਰੋਪੜ)
ਕਾਂਗਰਸ ਲਈ ਇਹ ਦੌਰਾ 2027 ਦੀਆਂ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਨਵੀਂ ਰਫ਼ਤਾਰ ਦੇਣ ਅਤੇ ਵਰਕਰਾਂ ਨੂੰ ਇੱਕ ਮੰਚ ‘ਤੇ ਲਿਆਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Related