
Skip to content

ਮੋਹਾਲੀ ਵਿੱਚ ਦਰਦਨਾਕ ਹਾਦਸਾ: ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿੱਚ ਡੁੱਬਣ ਕਾਰਨ 6 ਸਾਲਾ ਮਾਸੂਮ ਦੀ ਮੌਤ
ਮੋਹਾਲੀ: ਮੋਹਾਲੀ ਦੇ ਪਿੰਡ ਬੜਮਾਜਰਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿੱਚ ਡੁੱਬਣ ਕਾਰਨ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਅਨੁਸਾਰ, ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘਰ ਦੇ ਨੇੜੇ ਬਣੇ ਇੱਕ ਡੂੰਘੇ ਖੱਡੇ ਵਿੱਚ ਪਾਣੀ ਭਰ ਗਿਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਕੁਝ ਬੱਚੇ ਉੱਥੇ ਖੇਡਦੇ-ਖੇਡਦੇ ਪਾਣੀ ਵਿੱਚ ਨਹਾ ਰਹੇ ਸਨ। ਇਸ ਦੌਰਾਨ 6 ਸਾਲਾ ਵਿਰਾਟ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਬੱਚੇ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਨਾਮ ਵਿਰਾਟ ਸੀ ਅਤੇ ਉਹ ਸਿਰਫ਼ 6 ਸਾਲ ਦਾ ਸੀ। ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਪਲਾਂ ਵਿੱਚ ਹੀ ਉਜਾੜ ਦਿੱਤੀਆਂ ਹਨ।
ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੀਂਹ ਦੇ ਪਾਣੀ ਨਾਲ ਭਰੇ ਖੱਡਿਆਂ ਨੂੰ ਤੁਰੰਤ ਭਰਿਆ ਜਾਵੇ ਜਾਂ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਲਈ ਬੈਰੀਕੇਡ ਅਤੇ ਚੇਤਾਵਨੀ ਬੋਰਡ ਲਗਾਏ ਜਾਣ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਮਾਸੂਮ ਦੀ ਜਾਨ ਇਸ ਤਰ੍ਹਾਂ ਨਾ ਜਾਵੇ।

Related