
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਹੋਏ ਸਿੱਖੀ ਸਰੂਪ ਨਾਲ ਜੋੜਨ ਦੇ ਉਦੇਸ਼ ਨਾਲ ਜਲੰਧਰ ਸਿੱਖ ਯੂਥ ਕਾਫ਼ਲੇ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਕੀਤਾ ਗਿਆ। ਕਾਫ਼ਲੇ ਦੇ ਸੇਵਾਦਾਰਾਂ ਨੇ ਆਪਣੀ ਜੇਬ ਵਿੱਚੋਂ ਦਸਵੰਧ ਕੱਢ ਕੇ ਜਲੰਧਰ ਦੀਆਂ ਸਮੂਹ ਸੰਗਤਾਂ ਲਈ ਸਿਨੇਮਾ ਹਾਲ ਵਿੱਚ ‘ਦਸਤਾਰ’ ਫ਼ਿਲਮ ਦਾ ਵਿਸ਼ੇਸ਼ ਪ੍ਰਦਰਸ਼ਨ ਕਰਵਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਫ਼ਿਲਮ ਦਾ ਆਨੰਦ ਮਾਣਿਆ।
ਫ਼ਿਲਮ ਦੇ ਪ੍ਰਦਰਸ਼ਨ ਤੋਂ ਬਾਅਦ ਸੰਗਤਾਂ ਲਈ ਗੁਰੂ ਦੇ ਲੰਗਰ ਦਾ ਵੀ ਸੁੰਦਰ ਪ੍ਰਬੰਧ ਕੀਤਾ ਗਿਆ, ਜਿੱਥੇ ਹਾਜ਼ਰ ਸੰਗਤਾਂ ਨੇ ਪ੍ਰਸਾਦਾ ਛਕਿਆ ਅਤੇ ਕਾਫ਼ਲੇ ਵੱਲੋਂ ਕੀਤੀ ਗਈ ਇਸ ਨਿਵੇਕਲੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਨੌਜਵਾਨ ਪੀੜ੍ਹੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵੱਲ ਵੱਧ ਰਹੀ ਹੈ। ਅਜਿਹੇ ਸਮੇਂ ਵਿੱਚ ‘ਦਸਤਾਰ’ ਵਰਗੀਆਂ ਫ਼ਿਲਮਾਂ ਨੌਜਵਾਨਾਂ ਨੂੰ ਆਪਣੀ ਸਿੱਖੀ, ਦਸਤਾਰ ਦੀ ਮਹੱਤਤਾ ਅਤੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਨਾਲ ਜੋੜਨ ਦਾ ਵੱਡਾ ਸਾਧਨ ਬਣ ਸਕਦੀਆਂ ਹਨ। ਸੰਗਤਾਂ ਨੇ ਅਪੀਲ ਕੀਤੀ ਕਿ ਹਰ ਨੌਜਵਾਨ ਨੂੰ ਦਸਤਾਰ ਸਜਾਉਣੀ ਚਾਹੀਦੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਗੁਰੂ ਵਾਲਾ ਜੀਵਨ ਅਪਣਾਉਣਾ ਚਾਹੀਦਾ ਹੈ, ਤਾਂ ਜੋ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਤੋਂ ਬਚਿਆ ਜਾ ਸਕੇ।
ਸੰਗਤਾਂ ਨੇ ਕਿਹਾ ਕਿ ਜਲੰਧਰ ਸਿੱਖ ਯੂਥ ਕਾਫ਼ਲੇ ਵੱਲੋਂ ਕੀਤੇ ਜਾ ਰਹੇ ਅਜਿਹੇ ਧਾਰਮਿਕ ਅਤੇ ਸਮਾਜਿਕ ਉਪਰਾਲੇ ਸਮੇਂ ਦੀ ਲੋੜ ਹਨ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਸਿੱਖ ਇਤਿਹਾਸ, ਗੁਰਮਤਿ ਵਿਚਾਰਧਾਰਾ ਅਤੇ ਆਪਣੇ ਅਸਲੀ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਸਮਾਜ ਵਿੱਚ ਇੱਕ ਸਕਾਰਾਤਮਕ ਸੰਦੇਸ਼ ਜਾ ਰਿਹਾ ਹੈ।
ਇਸ ਸੇਵਾ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਜਲੰਧਰ ਸਿੱਖ ਯੂਥ ਕਾਫ਼ਲੇ ਦੇ ਪ੍ਰਧਾਨ ਗੋਬਿੰਦਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਬਜਾਜ, ਚੇਅਰਮੈਨ ਜਸਕਰਨ ਸਿੰਘ, ਗੁਰਸਿਦਕ ਸਿੰਘ, ਸਿਮਰਨ ਚੱਢਾ, ਰਿਪੂ ਦਮਨ, ਰਮਿੰਦਰ ਕਾਲੜਾ, ਜਸਪ੍ਰੀਤ ਮੱਕੜ, ਅੰਗਦ ਓਬਰਾਏ, ਨਵਪ੍ਰੀਤ ਸਿੰਘ, ਗੁਰਕਵਾਲ, ਰਨਬੀਰ ਸਿੰਘ ਰਾਠੌਰ, ਜਸਕਰਨ ਸਿੰਘ ਨੀਲਾਮਹਿਲ, ਚੰਦਨ ਗਾਂਧੀ, ਬਲਜੀਤ ਸਿੰਘ, ਨਵਲ ਚੀਮਾ ਅਤੇ ਅਮਨਦੀਪ ਸਿੰਘ ਸਮੇਤ ਸਮੂਹ ਸੇਵਾਦਾਰਾਂ ਨੇ ਅਹਿਮ ਭੂਮਿਕਾ ਨਿਭਾਈ।
ਅੰਤ ਵਿੱਚ ਜਲੰਧਰ ਸਿੱਖ ਯੂਥ ਕਾਫ਼ਲੇ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਕਾਫ਼ਲੇ ਦੇ ਮੈਂਬਰਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਧਾਰਮਿਕ, ਸਮਾਜਿਕ ਅਤੇ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੋੜਨ ਵਾਲੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਹਰ ਘਰ ਅਤੇ ਹਰ ਨੌਜਵਾਨ ਤੱਕ ਪਹੁੰਚਾਇਆ ਜਾ ਸਕੇ।

Related