
Skip to content

ਮੋਹਾਲੀ ‘ਚ ਗੈਰ-ਕਾਨੂੰਨੀ ਮਾਈਨਿੰਗ ਦਾ ਵੱਡਾ ਪਰਦਾਫਾਸ਼, ਜੁਲਾਈ ‘ਚ 6 ਨਵੀਆਂ ਸਾਈਟਾਂ ਬੇਨਕਾਬ; ਕਈ FIR ਦਰਜ
ਐਸ.ਏ.ਐਸ. ਨਗਰ (ਅਰਸ਼ਦੀਪ ਸਿੰਘ ਕਾਲੜਾ) :- ਮੋਹਾਲੀ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਦੀ ਜੁਲਾਈ 2026 ਦੌਰਾਨ ਕੀਤੀ ਗਈ ਤਾਜ਼ਾ ਕਾਰਵਾਈ ਵਿੱਚ ਛੇ ਨਵੀਆਂ ਗੈਰ-ਅਧਿਕਾਰਤ ਖੁਦਾਈ ਵਾਲੀਆਂ ਸਾਈਟਾਂ ਦਾ ਪਰਦਾਫਾਸ਼ ਹੋਇਆ ਹੈ। ਜਾਂਚ ਦੌਰਾਨ 12.79 ਲੱਖ ਘਣ ਫੁੱਟ ਤੋਂ ਵੱਧ ਗੈਰ-ਕਾਨੂੰਨੀ ਖੁਦਾਈ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਵਿਭਾਗ ਨੇ ਕਈ ਥਾਵਾਂ ‘ਤੇ ਐਫਆਈਆਰ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਗੁਰਤੇਜ ਸਿੰਘ ਗਰਚਾ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਨੇ ਖੇੜੀ ਜੱਟਾਂ, ਮੁਕੰਦਪੁਰ, ਹੈਬਤਪੁਰ, ਬਿਜਨਪੁਰ, ਡੇਰਾਬੱਸੀ ਖੇਤਰ ਦੀ ਇੱਕ ਹੋਰ ਸਾਈਟ ਅਤੇ ਰਾਮਪੁਰ ਸੈਣੀਆਂ ਵਿੱਚ ਛਾਪੇਮਾਰੀ ਕਰਕੇ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਖੁਦਾਈ ਦਾ ਪਤਾ ਲਗਾਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਥਾਂ ਲਈ ਨਾ ਤਾਂ ਮਾਈਨਿੰਗ ਲੀਜ਼ ਜਾਰੀ ਕੀਤੀ ਗਈ ਸੀ ਅਤੇ ਨਾ ਹੀ ਮਿੱਟੀ ਜਾਂ ਹੋਰ ਛੋਟੇ ਖਣਿਜਾਂ ਦੀ ਖੁਦਾਈ ਲਈ ਕੋਈ ਮਨਜ਼ੂਰੀ ਦਿੱਤੀ ਗਈ ਸੀ।
ਵਿਭਾਗ ਦੇ ਅਨੁਸਾਰ, ਇਨ੍ਹਾਂ ਛੇ ਸਾਈਟਾਂ ਵਿੱਚੋਂ ਇੱਕ ਥਾਂ ‘ਤੇ ਹੀ ਲਗਭਗ 6.55 ਲੱਖ ਘਣ ਫੁੱਟ ਖੁਦਾਈ ਕੀਤੀ ਗਈ ਸੀ, ਜਦਕਿ ਕੁੱਲ ਗੈਰ-ਕਾਨੂੰਨੀ ਖੁਦਾਈ ਦਾ ਅੰਕੜਾ 12.79 ਲੱਖ ਘਣ ਫੁੱਟ ਤੋਂ ਪਾਰ ਚਲਾ ਗਿਆ। ਸਾਰੀਆਂ ਸਾਈਟਾਂ ਦੇ GPS ਕੋਆਰਡੀਨੇਟ ਰਿਕਾਰਡ ਵਿੱਚ ਸ਼ਾਮਲ ਕਰ ਲਏ ਗਏ ਹਨ ਤਾਂ ਜੋ ਅਗਲੀ ਜਾਂਚ ਅਤੇ ਅਦਾਲਤੀ ਕਾਰਵਾਈ ਵਿੱਚ ਸਬੂਤ ਵਜੋਂ ਪੇਸ਼ ਕੀਤੇ ਜਾ ਸਕਣ।
40.50 ਲੱਖ ਘਣ ਫੁੱਟ ਮਿੱਟੀ ਦੀ ਖੁਦਾਈ ਦਾ ਮਾਮਲਾ ਵੀ ਜਾਂਚ ਹੇਠ
ਵਿਭਾਗ ਨੇ ਸਿਰਫ਼ ਨਵੀਆਂ ਸਾਈਟਾਂ ਹੀ ਨਹੀਂ ਫੜੀਆਂ, ਸਗੋਂ ਪਹਿਲਾਂ ਸਾਹਮਣੇ ਆਏ ਵੱਡੇ ਮਾਮਲਿਆਂ ਵਿੱਚ ਵੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੰਡੇਸਰਾ ਦੇ ਟਾਂਗਰੀ ਦਰਿਆ ਖੇਤਰ ਵਿੱਚ ਕਰੀਬ 40.50 ਲੱਖ ਘਣ ਫੁੱਟ ਮਿੱਟੀ ਦੀ ਗੈਰ-ਕਾਨੂੰਨੀ ਖੁਦਾਈ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਡੇਰਾਬੱਸੀ, ਬਿਜਨਪੁਰ, ਪੀਰ ਮੁੱਛੱਲਾ ਅਤੇ ਘਡੋਲੀ ਵਿੱਚ ਵੀ ਵੱਖ-ਵੱਖ ਮਾਮਲਿਆਂ ਦੀ ਜਾਂਚ ਜਾਰੀ ਹੈ।
ਟੀਮ ਨੂੰ ਦੇਖ ਜੇਸੀਬੀ ਲੈ ਕੇ ਫਰਾਰ ਹੋਇਆ ਚਾਲਕ
ਬਿਜਨਪੁਰ ਵਿੱਚ ਜਾਂਚ ਦੌਰਾਨ ਵਿਭਾਗ ਦੀ ਟੀਮ ਨੇ ਇੱਕ ਜੇਸੀਬੀ ਮਸ਼ੀਨ ਨੂੰ ਗੈਰ-ਕਾਨੂੰਨੀ ਖੁਦਾਈ ਕਰਦੇ ਦੇਖਿਆ, ਪਰ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਚਾਲਕ ਮਸ਼ੀਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪੀਰ ਮੁੱਛੱਲਾ ਨੇੜੇ ਘੱਗਰ ਦਰਿਆ ਵਿੱਚੋਂ ਕਥਿਤ ਤੌਰ ‘ਤੇ ਬਜਰੀ ਦੀ ਗੈਰ-ਕਾਨੂੰਨੀ ਖੁਦਾਈ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related