ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਅਤੇ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ ‘ਜੱਟ ਐਂਡ ਜੂਲੀਅਟ 3’ ਕੱਲ੍ਹ ਰਿਲੀਜ਼ ਹੋ ਗਈ। ਫਿਲਮ ਨੇ ਰਿਲੀਜ਼ ਹੁੰਦਿਆਂ ਸਾਰ ਹੀ ਧੁੰਮਾਂ ਪਾ ਦਿੱਤੀਆਂ। ਫਿਲਮ ਨੂੰ ਬਾਕਸ ਆਫਿਸ ਉਤੇ ਭਰਵਾਂ ਹੁੰਗਾਰਾ ਮਿਲਿਆ ਹੈ। ਦਰਸ਼ਕਾਂ ਵੱਲੋਂ ਫਿਲਮ ਖਾਸੀ ਪਸੰਦ ਕੀਤੀ ਜਾ ਹੈ। ਫਿਲਮ ਦੇ ਪਹਿਲੇ ਦਿਨ ਹੀ ਸਾਰੇ ਹਾਊਸਫੁੱਲ ਮਿਲੇ। ਕਈ ਲੋਕਾਂ ਨੂੰ ਟਿਕਟਾਂ ਨਹੀਂ ਮਿਲੀਆਂ।ਲੰਦਨ ਦੀਆਂ ਮਨਮੋਹਕ ਲੋਕੇਸ਼ਨਜ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਕਾਮੇਡੀ ਡਰਾਮਾ ਫਿਲਮ ਲਈ ਐਡਵਾਂਸ ਟਿਕਟਾਂ ਦੀ ਬੁਕਿੰਗ ਪਿਛਲੇ ਹਫਤੇ ਦੇ ਅੰਤ ਵਿੱਚ ਸ਼ੁਰੂ ਹੋਈ ਸੀ, ਜਿਸ ਦੀ ਰਾਸ਼ਟਰੀ ਚੇਨਾਂ ਵਿੱਚ ਰਿਕਾਰਡ ਤੋੜ ਵਿਕਰੀ ਨਜ਼ਰੀ ਪਈ ਹੈ।
ਦੱਸ ਦੇਈਏ ਕਿ ਇਹ ਫਿਲਮ ਫਤਿਹ ਸਿੰਘ (ਦਿਲਜੀਤ ਦੋਸਾਂਝ) ਅਤੇ ਪੂਜਾ (ਨੀਰੂ ਬਾਜਵਾ), ਦੋਵੇਂ ਪੁਲਿਸ ਕਾਂਸਟੇਬਲਾਂ ਦੀ ਕਹਾਣੀ ‘ਤੇ ਆਧਾਰਤ ਹੈ। ਜਿਸ ਵਿੱਚ ਪੂਜਾ ਸੀਨੀਅਰ ਅਫਸਰ ਹੈ। ਦੋਵਾਂ ਦੇ ਇਕ ਦੂਜੇ ਨਾਲ ਵਿਆਹ ਕਰਨ ਦੇ ਸੁਆਰਥੀ ਇਰਾਦੇ ਹੁੰਦੇ ਹਨ। ਜਦੋਂ ਜੈਸਮੀਨ ਬਾਜਵਾ ਦਾ ਕਿਰਦਾਰ ਡੇਜ਼ੀ ਸੀਨ ਵਿੱਚ ਦਾਖਲ ਹੁੰਦਾ ਹੈ ਤਾਂ ਉਨ੍ਹਾਂ ਦੀਆਂ ਯੋਜਨਾਵਾਂ ਵਿੱਚ ਵਿਘਨ ਪੈਂਦਾ ਹੈ। ਫਿਲਮ ਕਾਮੇਡੀ ਭਰਪੂਰ ਹੈ। ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਇਹ ਫਿਲਮ ਹਾਲੀਆਂ ਸਮੇਂ 100 ਕਰੋੜ ਕਲੱਬ ‘ਚ ਸ਼ਾਮਲ ਹੋਈ ਅਤੇ ਗਿੱਪੀ ਗਰੇਵਾਲ ਸਟਾਰਰ ‘ਕੈਰੀ ਆਨ ਜੱਟਾ 3’ ਦੇ ਰਿਕਾਰਡ ਨੂੰ ਵੀ ਬ੍ਰੇਕ ਕਰਨ ਵੱਲ ਵੱਧ ਚੁੱਕੀ ਹੈ, ਜਿਸ ਦੀ ਇਹ ਸ਼ਾਨਮੱਤੀ ਸਫਲਤਾ ਪੰਜਾਬੀ ਸਿਨੇਮਾ ਨੂੰ ਹੋਰ ਗਲੋਬਲੀ ਅਧਾਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ। ਸਾਲ 2012 ਵਿੱਚ ਰਿਲੀਜ਼ ਹੋਈ ‘ਜੱਟ ਐਂਡ ਜੂਲੀਅਟ’ ਅਤੇ 2013 ਵਿੱਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ‘ਜੱਟ ਐਂਡ ਜੂਲੀਅਟ 2’ ਕਾਮਯਾਬੀ ਦੇ ਆਧਾਰ ‘ਤੇ ਹੁਣ ਦਰਸ਼ਕਾਂ ਲਈ ਜੱਟ ਐਂਡ ਜੂਲੀਅਟ 3 ਆ ਗਈ ਹੈ।