
Skip to content

ਕਪੂਰਥਲਾ ਦੇ ਮੱਲੂ ਕਾਦਰਾਬਾਦ ‘ਚ ਦਰਦਨਾਕ ਘਟਨਾ, ਮਹਿਲਾ ਨੇ ਤਿੰਨ ਬੱਚਿਆਂ ਸਮੇਤ ਪੀਤਾ ਕੀਟਨਾਸ਼ਕ; 6 ਸਾਲਾ ਧੀ ਦੀ ਮੌਤ
ਕਪੂਰਥਲਾ (ਅਰਸ਼ਦੀਪ ਸਿੰਘ ਕਾਲੜਾ) :- ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੱਲੂ ਕਾਦਰਾਬਾਦ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਨੇ ਆਪਣੇ ਤਿੰਨ ਬੱਚਿਆਂ ਸਮੇਤ ਕਥਿਤ ਤੌਰ ‘ਤੇ ਕੀਟਨਾਸ਼ਕ ਦਵਾਈ ਪੀ ਲਈ। ਇਸ ਹਾਦਸੇ ਵਿੱਚ 6 ਸਾਲਾ ਧੀ ਖੁਸ਼ੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਮਾਂ ਸੰਤੋਸ਼ ਦੇਵੀ, 8 ਸਾਲਾ ਧੀ ਅਮ੍ਰਿਤਾ ਅਤੇ 2 ਸਾਲਾ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਿੰਨਾਂ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਪਿਛਲੇ ਕਰੀਬ 15 ਸਾਲਾਂ ਤੋਂ ਪਿੰਡ ਮੱਲੂ ਕਾਦਰਾਬਾਦ ਵਿੱਚ ਰਹਿ ਰਿਹਾ ਹੈ।
ਪੀੜਤਾ ਦੇ ਪਤੀ ਲਵਕੁਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ 11 ਵਜੇ ਖੇਤਾਂ ਵਿੱਚ ਕੰਮ ਕਰਕੇ ਘਰ ਪਰਤੇ ਤਾਂ ਉਨ੍ਹਾਂ ਦੀ ਪਤਨੀ ਸੰਤੋਸ਼ ਦੇਵੀ ਦੀ ਤਬੀਅਤ ਬਹੁਤ ਖਰਾਬ ਸੀ ਅਤੇ ਉਹ ਲਗਾਤਾਰ ਉਲਟੀਆਂ ਕਰ ਰਹੀ ਸੀ। ਘਰ ਦੇ ਅੰਦਰ ਤਿੰਨੇ ਬੱਚੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ, ਜਦਕਿ ਨੇੜੇ ਹੀ ਕੀਟਨਾਸ਼ਕ ਦੀ ਬੋਤਲ ਪਈ ਮਿਲੀ।
ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਗੁਆਂਢੀਆਂ ਦੀ ਮਦਦ ਨਾਲ 108 ਐਂਬੂਲੈਂਸ ਰਾਹੀਂ ਚਾਰਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ, ਪਰ 6 ਸਾਲਾ ਖੁਸ਼ੀ ਨੂੰ ਬਚਾਇਆ ਨਾ ਜਾ ਸਕਿਆ। ਬਾਕੀ ਤਿੰਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਜਾਰੀ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਤੋਂ ਪਹਿਲਾਂ ਸੰਤੋਸ਼ ਦੇਵੀ ਦੀ ਆਪਣੀ ਸੱਸ ਨਾਲ ਫੋਨ ‘ਤੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਹਾਲਾਂਕਿ, ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਸ ਦਰਦਨਾਕ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਸਨ।

Related