ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ ਅੱਜ ਦੀ ਅਰਦਾਸ ਦੌਰਾਨ 1990 ਦੇ ਦਹਾਕੇ ਵਿੱਚ ਹੋਏ ਮਨੁੱਖੀ ਕਤਲੇਆਮ ਦੇ ਸਾਰੇ ਪੀੜਤਾਂ ਨੂੰ ਯਾਦ ਕੀਤਾ ਜਾਵੇ।

ਬਿੱਟੂ ਨੇ ਕਿਹਾ ਕਿ ਉਸ ਦੌਰ ਵਿੱਚ ਵਹਾਇਆ ਗਿਆ ਖੂਨ ਸਿਰਫ਼ ਅੱਤਵਾਦੀਆਂ, ਪੁਲਿਸ ਮੁਲਾਜ਼ਮਾਂ ਜਾਂ ਨਿਰਦੋਸ਼ ਨਾਗਰਿਕਾਂ ਦਾ ਨਹੀਂ ਸੀ, ਸਗੋਂ ਇਹ ਪੰਜਾਬ ਅਤੇ ਪੰਜਾਬੀਆਂ ਦਾ ਖੂਨ ਸੀ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵਰਦੀ ਵਿੱਚ ਸੀ ਜਾਂ ਆਮ ਨਾਗਰਿਕ, ਹਥਿਆਰਬੰਦ ਸੀ ਜਾਂ ਨਿਹੱਥਾ, ਮਰਨ ਵਾਲੇ ਸਾਰੇ ਪੰਜਾਬੀ ਸਨ।

ਉਨ੍ਹਾਂ ਕਿਹਾ ਕਿ ਅੱਜ ਵੀ ਉਸ ਦੌਰ ਵਿੱਚ ਜਾਨਾਂ ਗੁਆਉਣ ਵਾਲੀਆਂ ਹਜ਼ਾਰਾਂ ਰੂਹਾਂ ਇਨਸਾਫ਼ ਅਤੇ ਯਾਦਗਾਰੀ ਦੀ ਉਡੀਕ ਕਰ ਰਹੀਆਂ ਹਨ। ਬਿੱਟੂ ਨੇ ਜਥੇਦਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਸਲਾ ਕਿਸੇ ਇੱਕ ਭਾਈਚਾਰੇ ਦਾ ਨਹੀਂ, ਸਗੋਂ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਹੈ।

ਉਨ੍ਹਾਂ ਕਿਹਾ ਕਿ ਜਿਸ ਨੇ ਗੋਲੀ ਚਲਾਈ ਉਹ ਵੀ ਪੰਜਾਬੀ ਸੀ ਅਤੇ ਜਿਸ ਨੂੰ ਗੋਲੀ ਲੱਗੀ ਉਹ ਵੀ ਪੰਜਾਬੀ ਸੀ। ਗੋਲੀਆਂ ਦੀ ਵਾਛੜ ਦਾ ਸਾਹਮਣਾ ਕਰਨ ਵਾਲੇ ਲੋਕ ਵੀ ਪੰਜਾਬੀ ਸਨ। ਇਸ ਲਈ ਅਰਦਾਸ ਵਿੱਚ ਹਰ ਉਸ ਪਰਿਵਾਰ, ਭਰਾ ਅਤੇ ਭੈਣ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ ਜਿਸ ਨੇ ਉਸ ਦੌਰ ਦੀ ਹਿੰਸਾ ਦਾ ਦਰਦ ਸਹਿਆ।

ਬਿੱਟੂ ਨੇ ਕਿਹਾ ਕਿ ਨਫ਼ਰਤ ਨਾਲ ਇਸ ਧਰਤੀ ਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ। ਇਹ ਕਰਜ਼ਾ ਸਿਰਫ਼ ਅਰਦਾਸ, ਸਾਂਝ ਅਤੇ ਸ਼ਾਂਤੀ ਦੇ ਸੰਦੇਸ਼ ਰਾਹੀਂ ਹੀ ਚੁਕਾਇਆ ਜਾ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲੀ ਪਵਿੱਤਰ ਅਰਦਾਸ ਉਹਨਾਂ ਭਟਕਦੀਆਂ ਰੂਹਾਂ ਲਈ ਮਲ੍ਹਮ ਸਾਬਤ ਹੋਵੇਗੀ ਅਤੇ ਉਨ੍ਹਾਂ ਨੂੰ ਸ਼ਾਂਤੀ ਪ੍ਰਦਾਨ ਕਰੇਗੀ।