
Skip to content

ਤਲਵੰਡੀ ਸਾਬੋ ‘ਚ ਦਰਦਨਾਕ ਹਾਦਸਾ: ਕਮਰੇ ਦੀ ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ, ਦੋ ਧੀਆਂ ਗੰਭੀਰ ਜ਼ਖ਼ਮੀ
ਤਲਵੰਡੀ ਸਾਬੋ (ਅਰਸ਼ਦੀਪ ਸਿੰਘ ਕਾਲੜਾ) :- ਤਲਵੰਡੀ ਸਾਬੋ ਵਿੱਚ ਲੰਘੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਘਰ ਦੇ ਕਮਰੇ ਦੀ ਛੱਤ ਅਚਾਨਕ ਡਿੱਗਣ ਕਾਰਨ ਮਾਂ ਅਤੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸੀਵਰੇਜ ਵਿਭਾਗ ਵਿੱਚ ਕੰਮ ਕਰਦੇ ਧਰਮ ਸਿੰਘ ਉਰਫ਼ ਕਾਲਾ ਦਾ ਪਰਿਵਾਰ ਰਾਤ ਸਮੇਂ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਸੀ। ਰਾਤ ਕਰੀਬ 11 ਵਜੇ ਕਮਰੇ ਦੀ ਛੱਤ ਅਚਾਨਕ ਢਹਿ ਗਈ, ਜਿਸ ਹੇਠਾਂ ਸਾਰਾ ਪਰਿਵਾਰ ਦੱਬ ਗਿਆ।
ਇਸ ਹਾਦਸੇ ਵਿੱਚ ਧਰਮ ਸਿੰਘ ਦੀ ਪਤਨੀ ਵੀਰਪਾਲ ਕੌਰ (40) ਅਤੇ 14 ਸਾਲਾ ਪੁੱਤਰ ਅਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੋਵੇਂ ਧੀਆਂ ਸੰਨਮਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਏਮਜ਼ ਬਠਿੰਡਾ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਨਗਰ ਕੌਂਸਲ ਦੀ ਪ੍ਰਧਾਨ ਕੁਲਵੀਰ ਕੌਰ ਸਰਾਂ ਸਮੇਤ ਹੋਰ ਆਗੂਆਂ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਪੀੜਤ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Related