
Skip to content

ਕੈਪਟਨ ਅਮਰਿੰਦਰ ਸਿੰਘ ਨੇ ਕੇ.ਪੀ.ਐਸ. ਗਿੱਲ ਦਾ ਕੀਤਾ ਬਚਾਅ, ਕਿਹਾ- ਇਤਿਹਾਸ ਤੋਂ ਸਿੱਖੋ, ਵੰਡ ਪਾਉਣ ਲਈ ਨਾ ਵਰਤੋ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ, ਪਰ ਅਤੀਤ ਦੀਆਂ ਘਟਨਾਵਾਂ ਨੂੰ ਮੌਜੂਦਾ ਸਮੇਂ ਵਿੱਚ ਲੋਕਾਂ ਵਿਚ ਵੰਡੀਆਂ ਪਾਉਣ ਲਈ ਵਰਤਣਾ ਠੀਕ ਨਹੀਂ। ਉਨ੍ਹਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਮਰੇ ਹੋਏ ਕਲੀਨ-ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ ਹਨ।
ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਕੈਪਟਨ ਨੇ ਕਿਹਾ ਕਿ ਇਤਿਹਾਸਕ ਘਟਨਾਵਾਂ ਨੂੰ ਇਕਪਾਸੜ ਨਹੀਂ, ਸਗੋਂ ਪੂਰੇ ਪ੍ਰਸੰਗ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਰੀਬ 25 ਹਜ਼ਾਰ ਲੋਕ ਮਾਰੇ ਗਏ ਤਾਂ 1,800 ਪੁਲਿਸ ਮੁਲਾਜ਼ਮ ਵੀ ਅਤਿਵਾਦ ਨਾਲ ਲੜਦੇ ਹੋਏ ਸ਼ਹੀਦ ਹੋਏ ਅਤੇ ਹਜ਼ਾਰਾਂ ਬੇਗੁਨਾਹ ਨਾਗਰਿਕਾਂ ਨੇ ਵੀ ਆਪਣੀਆਂ ਜਾਨਾਂ ਗੁਆਈਆਂ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਫਿਲਮ ਕਿਸ ਨੇ ਹਟਵਾਈ, ਪਰ ਓਟੀਟੀ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਬਾਅਦ ਹੀ ਲੋਕਾਂ ਦੀ ਇਸ ਪ੍ਰਤੀ ਦਿਲਚਸਪੀ ਵਧੀ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਇਸ ਮੁੱਦੇ ਤੋਂ ਭਾਜਪਾ ਜਾਂ ਕਾਂਗਰਸ ਨੂੰ ਕੋਈ ਸਿਆਸੀ ਲਾਭ ਨਹੀਂ ਹੋਵੇਗਾ, ਜਦਕਿ ਕੁਝ ਹੋਰ ਸਿਆਸੀ ਧਿਰਾਂ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਉਹ ਲਾਪਤਾ ਹੋਏ ਲੋਕਾਂ ਦੇ ਸਬੂਤ ਇਕੱਠੇ ਕਰ ਰਹੇ ਸਨ ਅਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਸੀ। ਉਨ੍ਹਾਂ ਕਿਹਾ ਕਿ ਅਤੀਤ ਨੂੰ ਸਵੀਕਾਰ ਕਰਨਾ ਅਤੇ ਉਸ ਤੋਂ ਸਿੱਖਣਾ ਜ਼ਰੂਰੀ ਹੈ, ਪਰ ਨਵੀਂ ਪੀੜ੍ਹੀ ਨੂੰ ਪੁਰਾਣੀਆਂ ਘਟਨਾਵਾਂ ਦੇ ਆਧਾਰ ‘ਤੇ ਭੜਕਾਉਣਾ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦ ਦੇ ਦੌਰ ਵਿੱਚ ਵੀ ਪੰਜਾਬ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਇਕਜੁੱਟ ਰਹੇ ਸਨ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦਾ ਬਚਾਅ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਦੇ ਖ਼ਾਤਮੇ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

Related