ਡਿਲੀਵਰੀ ਬੁਆਏ ਬਣ ਕੇ ਪੰਜਾਬ ‘ਚ ਹਥਿਆਰਾਂ ਦੀ ਤਸਕਰੀ, ਪਟਿਆਲਾ ਪੁਲਿਸ ਨੇ 15 ਪਿਸਤੌਲਾਂ ਸਮੇਤ 4 ਮੁਲਜ਼ਮ ਕਾਬੂ

ਪਟਿਆਲਾ (ਅਰਸ਼ਦੀਪ ਸਿੰਘ ਕਾਲੜਾ)  :- ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਦੇ ਤਰੀਕੇ ਲਗਾਤਾਰ ਬਦਲ ਰਹੇ ਹਨ। ਹੁਣ ਤਸਕਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਡਿਲੀਵਰੀ ਬੁਆਏ ਦੀ ਵਰਦੀ ਅਤੇ ਈ-ਕਾਮਰਸ ਕੰਪਨੀਆਂ ਦੇ ਪੁਰਾਣੇ ਪਾਰਸਲ ਬਾਕਸਾਂ ਦੀ ਵਰਤੋਂ ਕਰ ਰਹੇ ਹਨ। ਪਟਿਆਲਾ ਪੁਲਿਸ ਨੇ ਅਜਿਹੇ ਹੀ ਇੱਕ ਅੰਤਰਰਾਜੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 15 ਪਿਸਤੌਲ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ. ਪਟਿਆਲਾ ਅਤੇ ਥਾਣਾ ਸਦਰ ਰਾਜਪੁਰਾ ਦੀ ਸਾਂਝੀ ਟੀਮ ਨੇ ਦਿੱਲੀ-ਜਲੰਧਰ ਰਾਸ਼ਟਰੀ ਮਾਰਗ ‘ਤੇ ਬਸੰਤਪੁਰਾ ਨੇੜੇ ਕਾਰਵਾਈ ਕਰਦਿਆਂ ਵਿਸ਼ਾਲ (20), ਸੁਭਾਸ਼, ਜਿੰਦਰ ਉਰਫ਼ ਸਾਗਰ ਉਰਫ਼ ਭੈਰੋਂ (21) ਅਤੇ ਬਾਦਲ ਕੁਮਾਰ (20) ਨੂੰ ਕਾਬੂ ਕੀਤਾ।

ਡਿਲੀਵਰੀ ਵਰਦੀ ਤੇ ਪਾਰਸਲ ਬਾਕਸਾਂ ਦੀ ਲੈਂਦੇ ਸਨ ਆੜ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਈ-ਕਾਮਰਸ ਕੰਪਨੀਆਂ ਦੀ ਵਰਦੀ ਪਾ ਕੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਜਾਂ ਰੇਲਗੱਡੀਆਂ ਰਾਹੀਂ ਸਫ਼ਰ ਕਰਦੇ ਸਨ। ਹਥਿਆਰਾਂ ਨੂੰ ਪੁਰਾਣੇ ਈ-ਕਾਮਰਸ ਪਾਰਸਲ ਬਾਕਸਾਂ ਵਿੱਚ ਪੈਕ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਆਮ ਡਿਲੀਵਰੀ ਪਾਰਸਲ ਵਰਗੇ ਦਿਖਾਈ ਦਿੰਦੇ ਸਨ ਅਤੇ ਜਾਂਚ ਦੌਰਾਨ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਸੀ।

ਇੰਦੌਰ ਤੋਂ ਖਰੀਦ ਕੇ ਪੰਜਾਬ ਵਿੱਚ ਕਰਦੇ ਸਨ ਸਪਲਾਈ

ਮੁੱਢਲੀ ਜਾਂਚ ਮੁਤਾਬਕ ਇਹ ਗਿਰੋਹ ਮੱਧ ਪ੍ਰਦੇਸ਼ ਦੇ ਇੰਦੌਰ ਇਲਾਕੇ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਨੈੱਟਵਰਕ ਤੋਂ ਘੱਟ ਕੀਮਤ ‘ਤੇ ਪਿਸਤੌਲ ਖਰੀਦਦਾ ਸੀ। ਇਸ ਤੋਂ ਬਾਅਦ ਇਨ੍ਹਾਂ ਹਥਿਆਰਾਂ ਨੂੰ ਪੰਜਾਬ ਲਿਆ ਕੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਉੱਚੇ ਭਾਅ ‘ਤੇ ਵੇਚਿਆ ਜਾਂਦਾ ਸੀ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕੁਝ ਮੁਲਜ਼ਮ ਪਹਿਲਾਂ ਈ-ਕਾਮਰਸ ਕੰਪਨੀਆਂ ਦੇ ਡਿਲੀਵਰੀ ਨੈੱਟਵਰਕ ਵਿੱਚ ਕੰਮ ਕਰ ਚੁੱਕੇ ਹਨ ਅਤੇ ਉਸੇ ਤਜਰਬੇ ਦੀ ਵਰਤੋਂ ਕਰਕੇ ਤਸਕਰੀ ਨੂੰ ਅੰਜਾਮ ਦੇ ਰਹੇ ਸਨ।

ਰਿਮਾਂਡ ਦੌਰਾਨ ਹੋਣਗੇ ਹੋਰ ਖੁਲਾਸੇ

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਸਮੇਤ ਹੋਰ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਗਿਰੋਹ ਦੇ ਹੋਰ ਮੈਂਬਰਾਂ, ਸਪਲਾਈ ਚੇਨ ਅਤੇ ਹਥਿਆਰਾਂ ਦੇ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦਾ ਮੰਨਣਾ ਹੈ ਕਿ ਡਿਲੀਵਰੀ ਬੁਆਏ ਦੀ ਆੜ ਵਿੱਚ ਹਥਿਆਰਾਂ ਦੀ ਤਸਕਰੀ ਦਾ ਇਹ ਨਵਾਂ ਤਰੀਕਾ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ।