ਪੰਜਾਬ ‘ਚ ਸਾਢੇ ਤਿੰਨ ਸਾਲਾਂ ਦੌਰਾਨ 3,214 ਲਾਵਾਰਸ ਲਾਸ਼ਾਂ ਮਿਲੀਆਂ, ਰੋਜ਼ਾਨਾ ਔਸਤ ਤਿੰਨ ਮਾਮਲੇ ਦਰਜ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਪੰਜਾਬ ਵਿੱਚ ਲਾਵਾਰਸ ਲਾਸ਼ਾਂ ਦੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬ ਪੁਲੀਸ ਦੇ ਅੰਕੜਿਆਂ ਅਨੁਸਾਰ 1 ਜਨਵਰੀ 2023 ਤੋਂ 31 ਮਈ 2026 ਤੱਕ ਕੁੱਲ 3,214 ਅਣਪਛਾਤੀਆਂ ਜਾਂ ਲਾਵਾਰਸ ਲਾਸ਼ਾਂ ਰਿਪੋਰਟ ਹੋਈਆਂ ਹਨ। ਇਸ ਦਾ ਮਤਲਬ ਹੈ ਕਿ ਸੂਬੇ ਵਿੱਚ ਰੋਜ਼ਾਨਾ ਔਸਤ ਤਿੰਨ ਲਾਵਾਰਸ ਲਾਸ਼ਾਂ ਦੀ ਸੂਚਨਾ ਸਾਹਮਣੇ ਆ ਰਹੀ ਹੈ।

ਚਾਲੂ ਸਾਲ 2026 ਦੇ ਮਈ ਮਹੀਨੇ ਤੱਕ ਹੀ 418 ਲਾਵਾਰਸ ਲਾਸ਼ਾਂ ਦੀ ਰਿਪੋਰਟ ਦਰਜ ਕੀਤੀ ਜਾ ਚੁੱਕੀ ਹੈ। ਪੰਜਾਬ ਪੁਲੀਸ ਹਰ ਮਹੀਨੇ ਅਣਪਛਾਤੀਆਂ ਲਾਸ਼ਾਂ ਦੀ ਸੂਚਨਾ ਜਨਤਕ ਕਰਦੀ ਹੈ ਤਾਂ ਜੋ ਉਨ੍ਹਾਂ ਦੀ ਪਛਾਣ ਹੋ ਸਕੇ।

ਹਰ ਸਾਲ ਕਰੀਬ 900 ਤੋਂ ਵੱਧ ਮਾਮਲੇ

ਅੰਕੜਿਆਂ ਅਨੁਸਾਰ:

  • 2023: 929 ਲਾਵਾਰਸ ਲਾਸ਼ਾਂ

  • 2024: 958 ਲਾਵਾਰਸ ਲਾਸ਼ਾਂ

  • 2025: 909 ਲਾਵਾਰਸ ਲਾਸ਼ਾਂ

  • 2026 (ਮਈ ਤੱਕ): 418 ਲਾਵਾਰਸ ਲਾਸ਼ਾਂ

ਅਗਸਤ 2024 ਦੌਰਾਨ ਸਭ ਤੋਂ ਵੱਧ 117 ਲਾਵਾਰਸ ਲਾਸ਼ਾਂ ਮਿਲੀਆਂ ਸਨ।

ਨਹਿਰਾਂ ਅਤੇ ਦਰਿਆਵਾਂ ‘ਚੋਂ ਮਿਲਦੀਆਂ ਹਨ ਜ਼ਿਆਦਾਤਰ ਲਾਸ਼ਾਂ

ਪੁਲੀਸ ਅਤੇ ਸਮਾਜਿਕ ਸੰਸਥਾਵਾਂ ਮੁਤਾਬਕ ਬਹੁਤੀਆਂ ਲਾਵਾਰਸ ਲਾਸ਼ਾਂ ਨਹਿਰਾਂ ਅਤੇ ਦਰਿਆਵਾਂ ਵਿੱਚੋਂ ਬਰਾਮਦ ਹੁੰਦੀਆਂ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਪਰਵਾਸੀ ਮਜ਼ਦੂਰਾਂ, ਬੇਘਰ ਲੋਕਾਂ ਅਤੇ ਮੰਗਤਿਆਂ ਦੀ ਹੁੰਦੀ ਹੈ।

ਸ਼ਨਾਖ਼ਤ ਲਈ ਰੱਖੀ ਜਾਂਦੀ ਹੈ ਮੁਰਦਾਘਰ ਵਿੱਚ ਲਾਸ਼

ਸਹਾਰਾ ਜਨ ਸੇਵਾ ਬਠਿੰਡਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਬਠਿੰਡਾ ਵਿੱਚ ਹਰ ਮਹੀਨੇ ਔਸਤ 5 ਤੋਂ 10 ਲਾਵਾਰਸ ਲਾਸ਼ਾਂ ਦਾ ਸਸਕਾਰ ਕਰਦੀ ਹੈ। ਲਾਸ਼ ਨੂੰ ਪਹਿਲਾਂ ਕਰੀਬ 100 ਘੰਟੇ ਮੁਰਦਾਘਰ ਵਿੱਚ ਸ਼ਨਾਖ਼ਤ ਲਈ ਰੱਖਿਆ ਜਾਂਦਾ ਹੈ। ਜੇਕਰ ਕੋਈ ਵਾਰਸ ਸਾਹਮਣੇ ਨਹੀਂ ਆਉਂਦਾ ਤਾਂ ਪੋਸਟਮਾਰਟਮ ਅਤੇ ਪੁਲੀਸ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਸਸਕਾਰ ਕਰ ਦਿੱਤਾ ਜਾਂਦਾ ਹੈ।

72 ਘੰਟੇ ਮੁਰਦਾਘਰ ਵਿੱਚ ਰੱਖਣ ਦਾ ਨਿਯਮ

ਪੰਜਾਬ ਪੁਲੀਸ ਵੱਲੋਂ ਅਜਿਹੇ ਮਾਮਲਿਆਂ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾਂਦੀ ਹੈ। ਨਿਯਮਾਂ ਅਨੁਸਾਰ ਅਣਪਛਾਤੀ ਲਾਸ਼ ਨੂੰ 72 ਘੰਟੇ ਮੁਰਦਾਘਰ ਵਿੱਚ ਰੱਖਿਆ ਜਾਂਦਾ ਹੈ। ਇਸ ਦੌਰਾਨ ਕੱਪੜੇ, ਕੱਦ, ਦੰਦਾਂ ਦੀ ਬਣਤਰ, ਟੈਟੂ, ਸਰਜਰੀ ਦੇ ਨਿਸ਼ਾਨ ਅਤੇ ਹੋਰ ਪਛਾਣ ਸੰਬੰਧੀ ਵੇਰਵੇ ਦਰਜ ਕੀਤੇ ਜਾਂਦੇ ਹਨ। ਲਾਪਤਾ ਵਿਅਕਤੀਆਂ ਦੀ ਪਛਾਣ ਵਿੱਚ ਮਦਦ ਲਈ ਡੀਐਨਏ ਪ੍ਰੋਫਾਈਲ ਵੀ ਸੰਭਾਲੀ ਜਾਂਦੀ ਹੈ।

ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਕਈ ਵਾਰ ਪਰਿਵਾਰ ਆਪਣੇ ਲਾਪਤਾ ਮੈਂਬਰਾਂ ਦੀ ਪਛਾਣ ਕੱਪੜਿਆਂ ਜਾਂ ਹੋਰ ਨਿਸ਼ਾਨੀਆਂ ਦੇ ਆਧਾਰ ‘ਤੇ ਕਰ ਲੈਂਦੇ ਹਨ, ਪਰ ਕਈ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਦਾ ਅੰਤ ‘ਲਾਵਾਰਸ’ ਦੇ ਨਾਮ ਨਾਲ ਹੀ ਹੋ ਜਾਂਦਾ ਹੈ।