ਨਵੀਂ ਦਿੱਲੀ: (ਅਮਿਤ ਨਖਵਾਲ): 26 ਜੁਲਾਈ ਨੂੰ ਭਾਰਤ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ਮਨਾਏਗਾ। ਇਸੇ ਦਿਨ ਸਾਲ 1999 ਵਿੱਚ ਭਾਰਤੀ ਫੌਜ ਨੇ 84 ਦਿਨਾਂ ਤੱਕ ਚੱਲੀ ਕਾਰਗਿਲ ਜੰਗ ਵਿੱਚ ਪਾਕਿਸਤਾਨ ਨੂੰ ਹਰਾਕੇ ਇਤਿਹਾਸਕ ਜਿੱਤ ਹਾਸਲ ਕੀਤੀ ਸੀ।

ਕਾਰਗਿਲ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਸਰਦੀਆਂ ਦੌਰਾਨ ਤਾਪਮਾਨ ਮਾਈਨਸ 30 ਤੋਂ ਮਾਈਨਸ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਕੁਝ ਚੌਕੀਆਂ ਅਸਥਾਈ ਤੌਰ ‘ਤੇ ਖਾਲੀ ਕਰ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨੀ ਘੁਸਪੈਠੀਆਂ ਨੇ, ਪਾਕਿਸਤਾਨੀ ਫੌਜ ਦੇ ਸਮਰਥਨ ਨਾਲ, ਭਾਰਤੀ ਖੇਤਰ ਵਿੱਚ ਦਾਖ਼ਲ ਹੋ ਕੇ ਉੱਚੀਆਂ ਚੋਟੀਆਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।

3 ਮਈ 1999 ਨੂੰ ਸਥਾਨਕ ਚਰਵਾਹਿਆਂ ਨੇ ਭਾਰਤੀ ਫੌਜ ਨੂੰ ਘੁਸਪੈਠ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ 5 ਮਈ ਨੂੰ ਭੇਜੇ ਗਏ ਭਾਰਤੀ ਗਸ਼ਤੀ ਦਲ ਦੇ ਪੰਜ ਜਵਾਨਾਂ ਨੂੰ ਘੁਸਪੈਠੀਆਂ ਨੇ ਸ਼ਹੀਦ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਵੀ ਬੇਰਹਿਮੀ ਕੀਤੀ ਗਈ। ਘੁਸਪੈਠੀਆਂ ਦਾ ਮਕਸਦ ਲੇਹ-ਸ਼੍ਰੀਨਗਰ ਹਾਈਵੇਅ ‘ਤੇ ਕਬਜ਼ਾ ਕਰਕੇ ਲੱਦਾਖ ਨੂੰ ਦੇਸ਼ ਦੇ ਬਾਕੀ ਹਿੱਸੇ ਤੋਂ ਵੱਖ ਕਰਨਾ ਸੀ।

9 ਮਈ ਨੂੰ ਪਾਕਿਸਤਾਨੀ ਤੋਪਖਾਨੇ ਦੇ ਹਮਲੇ ਵਿੱਚ ਕਾਰਗਿਲ ਜ਼ਿਲ੍ਹੇ ਵਿੱਚ ਭਾਰਤੀ ਗੋਲਾ-ਬਾਰੂਦ ਡਿਪੂ ਨੂੰ ਨੁਕਸਾਨ ਪਹੁੰਚਿਆ। 10 ਮਈ ਤੱਕ ਦਰਾਸ, ਕਾਕਸਰ ਅਤੇ ਬਟਾਲਿਕ ਸੈਕਟਰਾਂ ਵਿੱਚ ਵੱਡੇ ਪੱਧਰ ‘ਤੇ ਘੁਸਪੈਠ ਦੀ ਪੁਸ਼ਟੀ ਹੋ ਗਈ ਅਤੇ ਅੰਦਾਜ਼ਾ ਲਗਾਇਆ ਗਿਆ ਕਿ 600 ਤੋਂ 800 ਤੱਕ ਘੁਸਪੈਠੀਏ ਭਾਰਤੀ ਚੌਕੀਆਂ ‘ਤੇ ਕਬਜ਼ਾ ਕਰ ਚੁੱਕੇ ਸਨ।

15 ਮਈ ਤੋਂ ਬਾਅਦ ਭਾਰਤੀ ਫੌਜ ਨੇ ਕਸ਼ਮੀਰ ਦੇ ਹੋਰ ਇਲਾਕਿਆਂ ਤੋਂ ਵਾਧੂ ਸੈਨਿਕ ਤਾਇਨਾਤ ਕਰਨੇ ਸ਼ੁਰੂ ਕਰ ਦਿੱਤੇ। 26 ਮਈ ਨੂੰ ਭਾਰਤੀ ਹਵਾਈ ਸੈਨਾ ਨੇ ‘ਆਪਰੇਸ਼ਨ ਸਫ਼ੈਦ ਸਾਗਰ’ ਤਹਿਤ ਘੁਸਪੈਠੀਆਂ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ।

27 ਮਈ ਨੂੰ ਪਾਕਿਸਤਾਨੀ ਕਾਰਵਾਈ ਦੌਰਾਨ ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼ ਪ੍ਰਭਾਵਿਤ ਹੋਏ। ਫਲਾਈਟ ਲੈਫਟੀਨੈਂਟ ਕੇ. ਨਚੀਕੇਤਾ ਨੂੰ ਪਾਕਿਸਤਾਨ ਨੇ ਜੰਗੀ ਕੈਦੀ ਬਣਾ ਲਿਆ, ਜਦਕਿ ਸਕੁਐਡਰਨ ਲੀਡਰ ਅਜੇ ਆਹੂਜਾ ਨੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ।

31 ਮਈ 1999 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਕਸ਼ਮੀਰ ਵਿੱਚ ਜੰਗ ਵਰਗੀ ਸਥਿਤੀ ਬਣ ਚੁੱਕੀ ਹੈ। ਲੰਬੇ ਸੰਘਰਸ਼ ਤੋਂ ਬਾਅਦ 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਸਾਰੀਆਂ ਅਹਿਮ ਚੋਟੀਆਂ ਮੁੜ ਆਪਣੇ ਕਬਜ਼ੇ ਵਿੱਚ ਲੈ ਕੇ ਜਿੱਤ ਦਾ ਪਰਚਮ ਲਹਿਰਾਇਆ। ਇਸ ਦਿਨ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਦੇਸ਼ ਆਪਣੇ ਸ਼ਹੀਦਾਂ ਦੀ ਬਹਾਦਰੀ ਅਤੇ ਬਲਿਦਾਨ ਨੂੰ ਨਮਨ ਕਰਦਾ ਹੈ।