
Skip to content

ਕੇਜਰੀਵਾਲ ਦਾ ਮੰਦਰਾਂ ਪ੍ਰਤੀ ਪਿਆਰ ਸਿਰਫ਼ ਚੋਣਾਂ ਤੱਕ ਸੀਮਤ, ਪੰਜਾਬ ਦੇ ਲੋਕ ਪਾਖੰਡ ਨੂੰ ਸਮਝ ਚੁੱਕੇ ਹਨ: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਵਿਰੋਧ ਕਰਨ ਅਤੇ ਉਸ ਦੀ ਥਾਂ ਹਸਪਤਾਲ ਬਣਾਉਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੇ ਮੂੰਹੋਂ ਅੱਜ ਮੰਦਰਾਂ ਦੀ ਗੱਲ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਕੇਵਲ “ਚੋਣਾਵੀਂ ਹਿੰਦੂ ਪ੍ਰੇਮ” ਦਾ ਦਿਖਾਵਾ ਹੈ।
ਢਿੱਲੋਂ ਨੇ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਹਿੰਦੂ ਧਰਮ ਅਤੇ ਮੰਦਰਾਂ ਦਾ ਜ਼ਿਕਰ ਸਿਰਫ਼ ਚੋਣੀ ਸਿਆਸਤ ਦਾ ਹਿੱਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸੁਪਰੀਮੋ ਦਾ ਪੂਰਾ ਸਿਆਸੀ ਰਿਕਾਰਡ ਦਰਸਾਉਂਦਾ ਹੈ ਕਿ ਸਨਾਤਨ ਧਰਮ ਅਤੇ ਮੰਦਰ ਉਨ੍ਹਾਂ ਲਈ ਕੇਵਲ ਵੋਟਾਂ ਹਾਸਲ ਕਰਨ ਦਾ ਸਾਧਨ ਰਹੇ ਹਨ ਅਤੇ ਪੰਜਾਬ ਦੇ ਲੋਕ ਹੁਣ ਇਸ ਪਾਖੰਡ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਜੋ ਵਿਅਕਤੀ ਅਯੋਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ, ਉਹ ਅੱਜ ਪੰਜਾਬ ਆ ਕੇ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਭਰ ਵਿੱਚ ਲੋਕ ਰਾਮ ਮੰਦਰ ਦੇ ਸਮਾਗਮ ਨੂੰ ਸ਼ਰਧਾ ਨਾਲ ਮਨਾ ਰਹੇ ਸਨ, ਉਸ ਵੇਲੇ ਕੇਜਰੀਵਾਲ ਦਿੱਲੀ ਵਿੱਚ ਸੁੰਦਰਕਾਂਡ ਦੇ ਪਾਠ ਦਾ ਸਿਆਸੀ ਪ੍ਰੋਗਰਾਮ ਕਰ ਰਹੇ ਸਨ।
ਢਿੱਲੋਂ ਨੇ ਕੇਜਰੀਵਾਲ ਦੇ ਧਾਰਮਿਕ ਗਿਆਨ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਜਨਵਰੀ 2025 ਵਿੱਚ ਰਾਵਣ ਬਾਰੇ ਦਿੱਤੇ ਗਏ ਉਨ੍ਹਾਂ ਦੇ ਵਿਵਾਦਤ ਬਿਆਨ ਤੋਂ ਬਾਅਦ ਹੁਣ ਪੰਜਾਬ ਵਿੱਚ ਧਾਰਮਿਕ ਪ੍ਰਵਚਨ ਦੇਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਰਾਮਾਇਣ ਦੀ ਮੁੱਢਲੀ ਸਮਝ ਨਹੀਂ, ਉਹ ਪੰਜਾਬੀਆਂ ਨੂੰ ਧਰਮ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਸਨਾਤਨ ਧਰਮ ਦੇ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਕੇਜਰੀਵਾਲ ਵਿਰੋਧ ਕਰਦੇ ਹਨ, ਪਰ ਚੋਣਾਂ ਦੇ ਸਮੇਂ ਮੰਦਰਾਂ ਦੇ ਚੱਕਰ ਲਗਾਉਣ ਤੋਂ ਨਹੀਂ ਹਿਚਕਿਚਾਉਂਦੇ।
ਢਿੱਲੋਂ ਨੇ ਸਵਾਲ ਕੀਤਾ ਕਿ ਦਿੱਲੀ ਵਿੱਚ ਲਗਭਗ ਇੱਕ ਦਹਾਕੇ ਤੱਕ ਸੱਤਾ ਵਿੱਚ ਰਹਿਣ ਦੌਰਾਨ ਕੇਜਰੀਵਾਲ ਨੇ ਕਿਸੇ ਵੱਡੇ ਮੰਦਰ ਜਾਂ ਹਿੰਦੂ ਧਾਰਮਿਕ ਸੰਸਥਾ ਦੇ ਵਿਕਾਸ ਲਈ ਕੀ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੇ ਦਾਅਵੇ ਕਰਨ ਤੋਂ ਪਹਿਲਾਂ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਯੋਗਦਾਨ ਦਾ ਹਿਸਾਬ ਦੇਣਾ ਚਾਹੀਦਾ ਹੈ।
ਅੰਤ ਵਿੱਚ ਢਿੱਲੋਂ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੀ ਸੱਤਾ ਵਿੱਚ ਰਹੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਮੂੰਹੋਂ ਧਰਮ ਦੀ ਗੱਲ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿੱਚ ਸੱਤਾ ਗੁਆਉਣ ਤੋਂ ਬਾਅਦ ਕੇਜਰੀਵਾਲ ਹੁਣ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਆਪਣਾ ਸਿਆਸੀ ਭਵਿੱਖ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।

Related