
Skip to content

19.34 ਲੱਖ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, OTS ਸਕੀਮ ਨੂੰ ਮਿਲੀ ਮਨਜ਼ੂਰੀ; ਹੁਣ 6% ਵਿਆਜ ‘ਤੇ ਭਰੋ ਬਕਾਇਆ ਬਿੱਲ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਵਿੱਚ ਬਿਜਲੀ ਦੇ ਬਕਾਇਆ ਬਿੱਲਾਂ ਤੋਂ ਪਰੇਸ਼ਾਨ ਲਗਭਗ 19.34 ਲੱਖ ਖਪਤਕਾਰਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (PSERC) ਨੇ ਇੱਕ-ਵਾਰੀ ਨਿਪਟਾਰਾ (One Time Settlement-OTS) ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਬਕਾਇਆ ਬਿਜਲੀ ਬਿੱਲਾਂ ਦਾ ਨਿਪਟਾਰਾ ਹੁਣ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਜਾਵੇਗਾ।
ਨਵੀਂ ਯੋਜਨਾ ਅਨੁਸਾਰ, ਲੰਬੇ ਸਮੇਂ ਤੋਂ ਬਕਾਇਆ ਬਿਜਲੀ ਬਿੱਲਾਂ ‘ਤੇ ਹੁਣ ਸਿਰਫ਼ 6 ਫੀਸਦੀ ਸਾਲਾਨਾ ਸਧਾਰਨ ਵਿਆਜ ਲੱਗੇਗਾ। ਇਸ ਦੇ ਨਾਲ ਹੀ ਪੂਰੀ ਬਕਾਇਆ ਰਕਮ ਇੱਕਮੁਸ਼ਤ ਜਮ੍ਹਾਂ ਕਰਵਾਉਣ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ।
ਹੁਣ ਖਪਤਕਾਰ ਕੁੱਲ ਬਕਾਇਆ ਰਕਮ ਦਾ 25 ਫੀਸਦੀ ਹਿੱਸਾ ਪਹਿਲਾਂ ਜਮ੍ਹਾਂ ਕਰਵਾ ਕੇ ਬਾਕੀ ਰਕਮ ਵੱਧ ਤੋਂ ਵੱਧ ਛੇ ਮਾਸਿਕ ਕਿਸ਼ਤਾਂ ਵਿੱਚ ਅਦਾ ਕਰ ਸਕਣਗੇ। ਇਸ ਨਾਲ ਆਰਥਿਕ ਤੌਰ ‘ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਰਵਿੰਦਰ ਸਿੰਘ ਸੈਣੀ ਨੇ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ਪਾਵਰਕਾਮ ਅਤੇ ਖਪਤਕਾਰ ਦੋਵਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਇੱਕ ਪਾਸੇ ਪਾਵਰਕਾਮ ਦੇ ਲੰਬੇ ਸਮੇਂ ਤੋਂ ਬਕਾਇਆ ਬਿੱਲਾਂ ਦੀ ਵਸੂਲੀ ਹੋ ਸਕੇਗੀ, ਜਦਕਿ ਦੂਜੇ ਪਾਸੇ ਖਪਤਕਾਰ ਵੀ ਆਸਾਨ ਕਿਸ਼ਤਾਂ ਰਾਹੀਂ ਆਪਣੇ ਬਕਾਏ ਦਾ ਭੁਗਤਾਨ ਕਰਕੇ ਆਪਣੀ ਬਿਜਲੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖ ਸਕਣਗੇ।
ਇਸ ਫ਼ੈਸਲੇ ਨੂੰ ਪੰਜਾਬ ਦੇ ਲੱਖਾਂ ਬਿਜਲੀ ਖਪਤਕਾਰਾਂ ਲਈ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਕਾਇਆ ਬਿੱਲਾਂ ਦੇ ਬੋਝ ਤੋਂ ਨਿਕਲਣ ਦਾ ਇੱਕ ਆਸਾਨ ਅਤੇ ਕਿਫ਼ਾਇਤੀ ਮੌਕਾ ਮਿਲੇਗਾ।

Related