ਕੁੰਡੇ ਬੰਨ੍ਹ ਤੋਂ ਦੁਲਚੀ ਕੇ ਤੱਕ ਲੱਗੇ ਛਾਂਦਾਰ ਬੂਟੇ, ‘ਗਰੀਨ ਵਾਲ ਆਫ਼ ਫ਼ਿਰੋਜ਼ਪੁਰ’ ਮੁਹਿੰਮ ਨੇ ਫੜੀ ਰਫ਼ਤਾਰ

ਫ਼ਿਰੋਜ਼ਪੁਰ, ਜਤਿੰਦਰ ਪਿੰਕਲ: ਕੇ.ਜੀ.ਐੱਸ. ਫਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਦੇ ਸਾਂਝੇ ਯਤਨਾਂ ਸਦਕਾ ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਪਹਿਲਾ ਪੜਾਅ ਕੁੰਡੇ ਬੰਨ੍ਹ ’ਤੇ ਰੁੱਖ ਲਗਾ ਕੇ ‘ਗਰੀਨ ਵਾਲ ਆਫ਼ ਫ਼ਿਰੋਜ਼ਪੁਰ’ ਦੀ ਤਿਆਰੀ ਨਾਲ ਮੁਕੰਮਲ ਕੀਤਾ ਗਿਆ। ਇਸ ਉਪਰੰਤ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਦੁਲਚੀ ਕੇ ਤੋਂ ਪੌਦੇ ਲਗਾ ਕੇ ਕੀਤੀ ਗਈ।

ਮੁਹਿੰਮ ਦੀ ਸ਼ੁਰੂਆਤ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਨੈਸ਼ਨਲ ਐਵਾਰਡੀ ਡਾ. ਸਤਿੰਦਰ ਸਿੰਘ ਨੇ ਪੌਦਾ ਲਗਾ ਕੇ ਕੀਤੀ। ਇਸ ਤੋਂ ਬਾਅਦ ਦੁਲਚੀ ਕੇ ਤੋਂ ਫ਼ਿਰੋਜ਼ਪੁਰ ਸ਼ਹਿਰ ਵੱਲ ਜਾਂਦੀ ਸੜਕ ਦੇ ਕਰੀਬ ਦੋ ਕਿਲੋਮੀਟਰ ਹਿੱਸੇ ਵਿੱਚ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਵਾਤਾਵਰਣ ਦੀ ਸੰਭਾਲ ਅਤੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ।

ਇਸ ਮੌਕੇ ਡਾ. ਸਤਿੰਦਰ ਸਿੰਘ ਵੱਲੋਂ ਕੇ.ਜੀ.ਐੱਸ. ਫਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਮੈਂਬਰਾਂ ਨੂੰ ਕਿਤਾਬਾਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੋਵਾਂ ਸੰਸਥਾਵਾਂ ਵੱਲੋਂ ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ ਅਤੇ ਆਸ ਪ੍ਰਗਟਾਈ ਕਿ ਸੰਸਥਾਵਾਂ ਵੱਲੋਂ ਪੌਦਿਆਂ ਦੀ ਛਾਂਦਾਰ ਰੁੱਖ ਬਣਨ ਤੱਕ ਸੰਭਾਲ ਕੀਤੀ ਜਾਵੇਗੀ।

ਇਸ ਮੌਕੇ ਇਸ ਵਾਰ ਦੇ ਸਟੇਟ ਐਵਾਰਡੀ ਗੁਰਭੇਜ ਸਿੰਘ ਕੋਹਾਲਾ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਦੌਰਾਨ ਇੰਦਰਪਾਲ ਸਿੰਘ, ਕੁਲਜੀਤ ਸਿੰਘ ਅਤੇ ਚੇਅਰਮੈਨ ਦਿਲਬਾਗ ਸਿੰਘ ਨੇ ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਸਕੂਲ ਦੀ ਮੁੱਖ ਅਧਿਆਪਕਾ ਰਮਿੰਦਰ ਕੌਰ ਨੇ ਕੇ.ਜੀ.ਐੱਸ. ਫਾਊਂਡੇਸ਼ਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।